ਅਸੀਂ ਰਾਤ ਦੇ ਹਨੇਰੇ ਵਿਚ ਮੰਦਿਰ ਵੱਲ ਨੂੰ ਚੜ੍ਹ ਰਹੇ ਸਾਂ। ਸਾਡੇ ਥੱਲੇ ਵੱਲ ਤੇ ਸਾਡੇ ਉਪਰ ਵੱਲ ‘‘ਜੈ ਮਾਤਾ ਦੀ।’’ ਦੀਆਂ ਆਵਾਜ਼ਾਂ ਪਹਾੜੀਆਂ ਦੇ ਪੱਥਰਾਂ ਨਾਲ ਟਕਰਾ ਕੇ ਗੂੰਜ ਰਹੀਆਂ ਸਨ। ਅਸੀਂ ਗਿਆਰਾਂ ਵਜੇ, ਪਹਾੜੀ ਦੀ ਟੀਸੀ ‘ਤੇ ਵੱਸਦੇ ਸ਼ਹਿਰ ਦੀਆਂ ਗਲੀਆਂ ਵਿਚ ਵੇਸ਼ ਹੋ ਕੇ ਮੰਦਿਰ ਵੱਲ ਨੂੰ ਤੁਰ ਪਏ।
ਚਾਰ ਵਜੇ ਮੰਦਿਰ ਦੇ ਦੁਆਰ ਖੁੱਲੇ-ਧੱਕਾ ਵੱਜਣ ਲੱਗਿਆ। ਕਈ ਵਾਰੀ ਤਾਂ ਕਈ, ਕਈ ਮਿੰਟ ਧਰਤੀ ਉਤੇ ਪੈਰ ਨਾ ਲੱਗਦਾ। ਮੰਦਿਰ ਅੰਦਰ ਸ਼ ਹੋ ਕੇ ਮੈਂ ਅੰਦਰ ਬਣੀ ਮਾਤਾ ਦੀ ਮੂਰਤੀ ਦੇ ਪੈਰਾਂ ਨੂੰ ਛੂਹ ਕੇ, ਅੱਖਾਂ ਬੰਦ ਕਰ ਕੇ ਪ੍ਰਾਰਥਨਾ ਕੀਤੀ “ਹੇ ਮਾਂ! ਸੁੱਖ ਸ਼ਾਂਤੀ ਪ੍ਰਦਾਨ ਕਰੀਂ।” ਕਹਿ ਕੇ ਮੈਂ ਫਿਰ ਮੂਰਤੀ ਦੇ ਪੈਰਾਂ ‘ਤੇ ਹੱਥ ਫੇਰਿਆ, ਏਨੇ ਨੂੰ ਪਿੱਛੋਂ ਅਵਾਜ਼ ਆਈ ਚਲੋ, ਚਲੋ, ਛੇਤੀ ਬਾਹਰ ਨਿਕਲੋ, ਐਨਾ ਵਕਤ! ਪਿਛੇ ਭਗਤਾਂ ਦਾ ਹੜ੍ਹ ਰੌਲੇ ਜਹੇ ਵਿਚ ਹੀ ਧੱਕਾ ਵੱਜਣ ਨਾਲ ਮੈਂ ਬਾਹਰ ਹੋ ਗਿਆ।
ਸੂਰਜ ਇਕ ਵਾਰ ਚਮਕ ਕੇ, ਪਹਾੜੀਆਂ ਦੀਆਂ ਵੱਖੀਆਂ ਓਹਲੇ ਗੁਆਚ ਗਿਆਹਲਕੀ ਜਿਹੀ ਧੁੰਦ ਚਾਰੇ ਪਾਸੇ ਛਾ ਗਈ। ਅਸੀਂ ਹੇਠਾਂ ਉਤਰ ਰਹੇ ਸਾਂ ‘ਜੈ ਮਾਤਾ ਦੀ।’ ਆਵਾਜ਼ਾਂ ਫਿਰ ਹੇਠਾਂ ਉਪਰ ਗੂੰਜਦੀਆਂ ਸੁਣਾਈ ਦਿੰਦੀਆਂ ਸਨ।
ਰਸਤੇ ਦੇ ਦੋਹੀਂ ਪਾਸੀਂ ਭਾਰਤ ਭਰ ਦੇ ਮੰਗਤੇ ਆਪਣੇ, ਆਪਣੇ ਢੰਗ ਨਾਲ ਮੰਗ ਰਹੇ ਸਨ। ਰਾਤ, ਹਨੇਰੇ ਵਿਚ ਉਹ ਰਸਤੇ ਦੇ ਦੁਪਸੀਂ ਪੱਥਰਾਂ ਵਾਂਗ ਪਏ ਨਜ਼ਰੀਂ ਆਉਂਦੇ ਸਨ- ਤੇ ਹੁਣ ਹੱਥ ਫੈਲਾ, ਫੈਲਾ, ਝੋਲੀ ਅੱਡ, ਅੱਡ ਕੇ ਪੈਸਾ ਦੇ ਜਾ ਭਗਤਾ, ਭਗਤਾ ਦੇ ਜਾ ਪੈਸਾ। ਮੰਗ ਰਹੇ ਸਨ।
ਕਈ ਔਰਤਾਂ ਜਿਹਨਾਂ ਦੀ ਉਮਰ ਮੇਰੀ ਮਾਂ ਦੇ ਬਰਾਬਰ ਜਾਪੀ ਰਸਤੇ ਵਿਚ ਜਾਂਦੇ ਲੋਕਾਂ ਦੇ ਪੈਰਾਂ ਨੂੰ ਫੜ ਕੇ ਪੇਸਾ ਮੰਗ ਰਹੀਆਂ ਸਨ। ਕਈ ਔਰਤਾਂ ਮੇਰੇ ਪੈਰਾਂ ਨੂੰ ਵੀ ਛੂਹਣ ਦਾ ਯਤਨ ਕਰਦੀਆਂ ਪਰ ਮੈਂ ਸੋਚਦਾ ਇਕ ਮਾਂ ਦੇ ਪੈਰਾਂ ਨੂੰ ਰਾਤ ਦੀ ਏਨੀ ਦੁਨੀਆਂ ਹੱਥ ਲਾ ਕੇ ਆ ਰਹੀ ਹੈ ਫਿਰ ਏਨੀਆਂ ਮਾਵਾਂ ਸਾਡੇ ਪੈਰਾਂ ਨੂੰ ਹੱਥ ਲਾ ਰਹੀਆਂ ਹਨ। ਉਹ ਮਾਂ ਪੱਥਰ ਦੀ ਇਕ ਮੂਰਤੀ ਇਹ ਮਾਵਾਂ ਹੱਡ-ਮਾਸ ਦੀਆਂ ਪੁਤਲੀਆਂ। ਉਹ ਮਾਂ ਪਹਾੜੀ ਦੀ ਟੀਸੀ ਤੇ ਸੁੰਦਰ ਮੰਦਿਰ ਵਿਚ ਬਰਾਜਮਾਨ, ਇਹ ਮਾਵਾਂ ਰਾਹਾਂ ਦੇ ਪੱਥਰ।
ਤੇਲੂ ਰਾਮ ਕੁਹਾੜਾ