ਪਾਰੋ ਸਿਰ ਉਤਲਾ ਘੜਾ ਥੱਲੇ ਰੱਖਦੀ ਹੋਈ ਪਤੀ ਦੇਵ ਵੱਲ ਵਧੀ। ਬਾਂਹ ਪਕੜੀ। ਨਬਜ਼ ਬਹੁਤ ਤੇਜ਼ ਚੱਲ ਰਹੀ ਸੀ। ਹੁਣ ਤਾਂ ਡਾਕਟਰ ਦੀ ਦਿੱਤੀ ਹੋਈ ਦਵਾਈ ਵੀ ਖਤਮ ਹੋ ਚੁੱਕੀ ਸੀ। ਉਸਨੂੰ ਆਪਣਾ ਤੇ ਬੱਚਿਆਂ ਦਾ ਭਵਿੱਖ ਧੁੰਦਲਾ ਧੁੰਦਲਾ ਵਿਖਾਈ ਦੇਣ ਲੱਗਾ ਕਿਉਂਕਿ ਰੋਜ਼ੀ ਕਮਾਉਣ ਦਾ ਇੱਕੋ ਇੱਕ ਸਾਧਨ ਉਸ ਦਾ ਪਤੀ ਹੀ ਸੀ ਜੋ ਕਿ ਮੰਜੇ ਤੇ ਪਿਆ ਮੌਤ ਨਾਲ ਸੰਘਰਸ਼ ਕਰ ਰਿਹਾ ਸੀ। ਜੋ ਚਾਰ ਪੈਸੇ ਜੋੜੇ ਹੋਏ ਸਨ, ਸਭ ਡਾਕਟਰ ਦੇ ਘਰ ਜਾ ਚੁਕੇ ਸਨ ਤੇ ਹੁਣ ਦਵਾਈ ਜੋਗੇ ਵੀ ਪੈਸੇ ਨਹੀਂ ਸਨ। ਉਸਦੀ ਸੋਚਾਂ ਦੀ ਲੜੀ ਉਦੋਂ ਟੁੱਟੀ ਜਦੋਂ ਉਸਦੇ ਪਤੀ ਨੂੰ ਜ਼ੋਰਾਂ ਦੀ ਉਲਟੀ ਆਈ ਤੇ ਨਾਲ ਹੀ ਖੂਨ ਵੀ। ਏਨੇ ਚਿਰ ਨੂੰ ਵੱਡਾ ਮੁੰਡਾ ਬੀਰਾ ਬਾਹਰੋਂ ਖੇਡਦਾ ਘਰ ਆਇਆ। ਪਿਉ ਦੀ ਇਹ ਹਾਲਤ ਵੇਖ ਕੇ ਉਸਨੇ ਮਾਂ ਨੂੰ ਪੁੱਛਿਆ ਮਾਂ! ਭਾਪਾ ਜੀ ਅਜੇ ਠੀਕ ਨਹੀਂ ਹੋਏ? ਡਾਕਟਰ ਤਾਂ ਕਹਿੰਦਾ ਸੀ ਪਈ ਤੇਰੇ ਭਾਪਾ ਜੀ ਨੂੰ ਹੋਰ ਦਵਾਈ ਦੇਣ ਨਾਲ ਆਰਾਮ ਆ ਜਾਵੇਗਾ। ਮਾਂ! ਕੀ ਤੂੰ ਹੋਰ ਦਵਾਈ ਨਹੀਂ ਲਿਆਈ? ਮਾਂ ਤੂੰ ਬੋਲਦੀ ਕਿਉਂ ਨਹੀਂ? ਬੱਚੇ ਦੀ ਇਸ ਤਰਸਯੋਗ ਹਾਲਤ ਨੂੰ ਵੇਖਕੇ ਮਾਂ ਦੀਆਂ ਆਂਦਰਾਂ ਦਾ ਰੁੱਗ ਭਰ ਆਇਆ। ਉਸਨੇ ਬੱਚੇ ਨੂੰ ਛਾਤੀ ਨਾਲ ਲਾਉਂਦਿਆਂ ਭਰੇ ਗਲੇ ਨਾਲ ਕਿਹਾ ‘ਤੇ ਰੇ ਭਾਪਾ ਜੀ ਛੇਤੀ ਹੀ ਠੀਕ ਹੋ ਜਾਣਗੇ। ਮੈਂ ਹੁਣੇ ਹੋਰ ਦਵਾਈ ਲਿਆਉਂਦੀ ਹਾਂ। ਕਹਿਣ ਨੂੰ ਤਾਂ ਪਾਰੋ ਕਹਿ ਗਈ ਪਰ ਹੁਣ ਦਵਾਈ ਲਈ ਪੈਸੇ ਕਿੱਥੋਂ ਲਿਆਵੇ? ਪਰ ਹੁਣ ਉਸਦੇ ਪੈਰ ਉਸ ਰਾਹ ਜਾ ਰਹੇ ਸਨ ਜੋ ਕਿ ਟਹਿਲੇ ਨੰਬਰਦਾਰ ਦੇ ਖੇਤ ਵਿਚ ਬਣੇ ਹੋਏ ਕੋਠੇ ਵੱਲ ਜਾਂਦਾ ਸੀ।
ਸੁਰਿੰਦਰ ‘ਖੰਨਾ’ ਜਲਾਲਾਬਾਦੀ