ਫ਼ੁਰਸਤ ਦੇ ਪਲ

by Sandeep Kaur

ਜਦੋਂ ਛੋਟੇ ਸੀ ਤਾਂ ਇਹਨਾਂ ਪਲਾਂ ਦੀ ਅਹਿਮੀਅਤ ਹੀ ਨਹੀਂ ਸੀ ਜਾ ਇੰਝ ਕਹਿ ਲਵੋ ਪਤਾ ਹੀ ਨਹੀਂ ਸੀ ਜਿਸ ਨੂੰ ਮਾਣ ਰਹੇ ਹਾਂ ਉਹ ਫ਼ੁਰਸਤ ਦੇ ਪਲ ਹਨ ਬਹੁਤ ਕੀਮਤੀ ਹਨ ਓਦੋਂ ਇਹ ਆਮ ਜੋ ਹੁੰਦੇ ਸੀ। ਸਵੇਰੇ ਚਾਹ ਸਾਰੇ ਪਰਿਵਾਰ ਦੀ ਇੱਕੋ ਵਾਰ ਚੁੱਲ੍ਹੇ ਤੇ ਗੈਸ ਤੇ ਧਰ ਦਿੱਤੀ ਜਾਦੀ ਸੀ ਤੇ ਸਾਰਾ ਪਰਿਵਾਰ ਹੌਲ਼ੀ ਹੌਲ਼ੀ ਇਕੋ ਥਾਂ ਦਾਦੀ ਬਾਬੇ ਦੇ ਮੰਜੇ ਤੇ ਜਾ ਪੁਆਂਦੇ ਸਿਰਹਾਣੇ ਆ ਇੱਕਠਾ ਹੋ ਜਾਦਾ ਸੀ ।ਸਿਆਲ ਚ ਪਿੰਨੀਆਂ ਤੇ ਚਾਹ ਤੇ ਗਰਮੀਆਂ ਚ ਬਿਸਕੁਟ ਤੇ ਚਾਹ ਦੀਆਂ ਚੁਸਕੀਆਂ ਲੈਂਦਿਆਂ ਹੀ ਦੋ ਘੰਟੇ ਬੀਤ ਜਾਣੇ ਤੇ ਮਾਂਵਾ ਨੇ ਨਾਲ ਨਾਲ ਸਬਜ਼ੀ ਕੱਟ ਲੈਣੀ ਤੇ ਧਰ ਵੀ ਲੈਣੀ ਪਰ ਗੱਲਾਂ ਨਾ ਮੁੱਕਣੀਆਂ।ਇਹ ਫ਼ੁਰਸਤ ਦੇ ਪਲ ਆਪਸੀ ਸਾਂਝ ਵਧਾਉਂਦੇ ਹਨ। ਓਦੋਂ ਵੱਡੇ ਘਰ ਹੋਣ ਦੇ ਬਾਵਜੂਦ ਸਾਰੇ ਇੱਕੋ ਕਮਰੇ ਚ ਬਹਿਣਾ ਪਸੰਦ ਕਰਦੇ ਸੀ। ਉਦੋਂ ਅਸਲ ਵਿੱਚ ਫ਼ੁਰਸਤ ਦੇ ਪਲ ਲੱਭਣੇ ਤੇ ਕੱਢਣੇ ਨਹੀਂ ਸੀ ਪੈਦੇ ਆਪੇ ਬਣ ਜਾਂਦੇ ਸੀ। ਪ੍ਰਾਹੁਣਚਾਰੀ ਓਦੋਂ ਵੀ ਸੀ ਪਰ ਓਦੋਂ ਸਟੇਟਸ ਮੇਨਟੇਨ ਕਰਨ ਦੇ ਚੱਕਰ ਵਿਚ ਰਿਸ਼ਤਿਆਂ ਤੋਂ ਦੂਰੀ ਨਹੀਂ ਸੀ। ਓਦੋਂ ਕਰੋਕਰੀ ਦੀ ਜਗ੍ਹਾ ਥਾਲਾ ਵਿਚ ਹੀ ਪਰੋਸਿਆ ਜਾਂਦਾ ਸੀ ਇੱਕ ਹੀ ਦਾਲ ਤੇ ਸਬਜ਼ੀ ਨਾਲ ਮੱਖਣ ਦੀ ਮੋਟੀ ਡਲੀ ਵੀ ਬੀਪੀ ਨਹੀਂ ਸੀ ਵਧਾਉਂਦੀ ਤੇ ਓਦੋਂ ਦਿਲ ਵੱਡੇ ਸੀ ਸ਼ਾਇਦ ਇਸ ਲਈ ਤਾਕਤਵਰ ਵੀ ਸਨ। ਵੱਡੀਆਂ ਮੁਸ਼ਕਲਾਂ ਵੀ ਹਾਸੇ ਦੇ ਠਹਾਕਿਆਂ ਨਾਲ ਹਲ ਹੋ ਜਾਂਦੀਆਂ ਸਨ।ਫੋਨ ਕਰਕੇ ਨਹੀਂ ਸੀ ਆਉਣਾ ਪੈਦਾ ਸੋ ਜਦੋਂ ਮਰਜ਼ੀ ਕੋਈ ਵੀ ਭੈਣ ਭਰਾ ਆ ਜਾ ਸਕਦਾ ਸੀੌ। ਓਦੋਂ ਇਨਵਰਟਰ ਸੋਲਰ ਸਿਸਟਮ ਜਨਰੇਟਰ ਆਮ ਨਹੀਂ ਸੀ ਜਾ ਹੈ ਹੀ ਨਹੀਂ ਸਨ ਸੋ ਗਰਮੀ ਤੇ ਦੁਪਹਿਰਾ ਕੱਟਣ ਲਈ ਘਰ ਚ ਲੱਗੇ ਰੁੱਖ ਧਰੇਕ ਬੋਹੜ ਹੇਠਾਂ ਹੀ ਮੰਜੀਆਂ ਡਹਾ ਲੲੀਆਂ ਜਾਂਦੀਆਂ ਸਨ ਤੇ ਭਰ ਗਰਮੀ ਵਿੱਚ ਵੀ ਚੋਂਦੇ ਪਸੀਨੇ ਨਾਲ ਵੀ ਗਲਾਸ ਭਰ ਐਨ ਚਾਰ ਵਜੇ ਸ਼ਾਮ ਚਾਹ ਪੀਈਦੀ ਸੀ ਓਦੋਂ ਚਾਹ ਨਾਲ ਕਾਹਲੀ ਨਹੀਂ ਸੀ ਪੈਂਦੀ ਸਗੋ ਚਿੱਤ ਰਾਜ਼ੀ ਹੋ ਜਾਦੇ ਸੀ।ਕੰਮ ਤਾਂ ਓਦੋਂ ਵੀ ਸਾਰੇ ਕਰਦੇ ਸੀ।ਰਾਤ ਇੱਕੋ ਥਾਂ ਵਿਹੜੇ ਵਿਚ ਮੰਜੀਆਂ ਡਾਹ ਕੇ ਲਾਇਨ ਚ ਪੈ ਜਾਈਦਾ ਸੀ ਤੇ ਇੱਕ ਹੀ ਟੇਬਲ ਫੈਨ ਹੁੰਦਾ ਸੀ ਜਾ ਨਹੀਂ ਵੀ ਹੁੰਦਾ ਸੀ ਆ ਫਰਾਟਾ ਤਾਂ ਬਾਅਦ ਵਿੱਚ ਆਇਆ ਸੀ । ਦਾਦੀ ਬਾਬੇ ਨੇ ਨਾਲੇ ਕਹਾਣੀਆਂ ਸੁਣਾਈ ਜਾਣੀਆ ਨਾਲੇ ਪੱਖੀਆਂ ਦੀ ਝੱਲ ਮਾਰੀ ਜਾਣੀ ਦੇਸ ਪ੍ਰਦੇਸ ਦੀਆਂ ਗੱਲਾਂ ਕਰੀ ਜਾਣੀਆਂ।ਆਢ ਗੁਆਂਢ ਦੀਆਂ ਤੇ ਤਾਰਿਆਂ ਵੱਲ ਵੇਖਦਿਆਂ ਕਦੋ ਨੀਂਦ ਆ ਜਾਣੀ ਪਤਾ ਨਹੀਂ ਸੀ ਚਲਦਾ ਓਦੋਂ ਤਾਰੇ ਵੀ ਮੱਲੀਦੇ ਸੀ ਉਹ ਮੇਰਾ ਆਹ ਤੇਰਾ। ਹੁਣ ਤਾਂ ਲੱਭਿਆ ਵੀ ਨਹੀਂ ਲੱਭਦੇ ਫ਼ੁਰਸਤ ਦੇ ਪਲ ਹਰ ਇਨਸਾਨ ਅਪਣੇ ਫੋਨ ਚ ਮਸਤ ਹੈ । ਘੜੀਆਂ ਲੱਥ ਗਈਆਂ ਗੁੱਟ ਤੋਂ। ਹੁਣ ਫੋਟੋ ਖਿਚਵਾਉਣ ਲਈ ਸਪੈਸ਼ਲ ਤਿਆਰ ਹੋ ਕੇ ਨਹੀਂ ਜਾਈਦਾ ਫੋਟੋਗਰਾਫਰ ਦੀ ਦੁਕਾਨ ਤੇ। ਹੁਣ ਡਾਕੀਏ ਦੀ ਉਡੀਕ ਨਹੀਂ ਕਰੀਦੀ ਹੁਣ ਰੁੱਸਣਾ ਹਾਵੀ ਹੋ ਗਿਆ ਮਨਾਉਂਦਾ ਕੋਈ ਘੱਟ ਹੀ ਹੈ।ਇਸ ਮੋਬਾਈਲ ਨੇ ਸਾਨੂੰ ਝਗੜਾਲੂ ਇਰਖਾਲੂ ਵੱਧ ਬਣਾ ਦਿੱਤਾ ਸਾਡੀ ਮੈਂ ਸਾਨੂੰ ਇੱਕਲਿਆਂ ਰਹਿਣ ਦੀ ਹਦਾਇਤ ਦੇਂਦੀ ਹੈ ਤੇ ਅਸੀਂ ਉਸ ਨੂੰ ਸੁਣਦੇ ਵੀ ਹਾਂ। ਹੁਣ ਦਾਦੀ ਬਾਬੇ ਕੋਲ ਬਹਿਣਾ ਚੰਗਾ ਨਹੀਂ ਲੱਗਦਾ ਹੁਣ ਮਾਂ ਵੀ ਚੁੱਪ ਦੀ ਫਿਕਰ ਨਹੀਂ ਕਰਦੀ ਕਿਉਂਕਿ ਉਸ ਨੂੰ ਪਤਾ ਹੈ ਕਮਰੇ ਚ ਹੋਵੇਗਾ ਅਪਣੇ ਫੋਨ ਨਾਲ। ਕਾਂ ਵੀ ਬਨੇਰੇ ਤੇ ਬੋਲਦੇ ਘੱਟ ਸੁਣਦੇ ਨੇ । ਉਹਨਾਂ ਨੂੰ ਵੀ ਚੂਰੀ ਨਹੀਂ ਪੈਦੀ ਹੁਣ। ਹੁਣ ਕੰਧਾਂ ਕੋਲ ਖਲੋ ਖਲੋ ਉਡੀਕ ਵੀ ਨਹੀਂ ਕਰੀਦੀ ਪ੍ਹਹੁਣਿਆ ਦੀ ਆ ਜਾਣਕੇ ਦੱਸ ਵਜੇ ਦਾ ਟਾਈਮ ਹੈ।ਚਾਅ ਹੁਣ ਗੁਆਚ ਗਿਆ ਜਾ ਦੱਬਲਿਆ ਗਿਆ ਮੌਬਾਇਲਾ ਦੀਆਂ ਘੰਟੀਆਂ ਹੇਠ। ਹੁਣ ਭੈਣ ਨੂੰ ਵੀ ਵੀਰ ਦੇ ਆਉਣ ਦਾ ਚਾਅ ਨਹੀਂ ਹੈ ਬਹੁਤਾ ਸਦਾਰੇ ਵਿਚ ਕੀ ਲਿਆਇਆ ਸੀ ਉਹ ਇਹੀ ਵੇਖਦੀ ਹੈ ।ਰੱਖੜੀ ਤੇ ਕਿੰਨੇ ਪੈਸੇ ਲਗਾ ਕੇ ਗੲੀ ਹੈ ਤੇ ਮਿਲੇ ਕਿੰਨੇ ਨੇ ਇਸ ਤੋਂ ਹੀ ਪਤਾ ਲੱਗ ਜਾਦਾ ਅਗਲੀ ਰੱਖੜੀ ਤੇ ਭੈਣ ਤਹਿ ਕਰ ਲੈਦੀ ਹੈ ਕਿਵੇਂ ਕਰਨਾ। ਭਰਾਵਾਂ ਨੂੰ ਵੀ ਭੈਣਾਂ ਦੇ ਆਉਣ ਦੀ ਕੋਈ ਖੁਸ਼ੀ ਨਹੀਂ ਅਜੇ ਪੰਦਰਾਂ ਦਿਨ ਤਾਂ ਹੋਏ ਗਈ ਨੂੰ ਫਿਰ ਆ ਗਈ। ਹੁਣ ਨਾਂ ਉਹ ਬੋਹੜਾਂ ਪਿੱਪਲਾਂ ਦੀਆਂ ਛਾਵਾਂ ਨੇ ਨਾ ਹੇਠਾਂ ਬਜ਼ੁਰਗਾਂ ਦੀਆਂ ਮਹਿਫ਼ਲਾਂ ਲਗਦੀਆਂ ਨੇ । ਹੁਣ ਨਾਂ ਸਾਮ ਨੂੰ ਮਾਂਵਾਂ ਵਿਹੜੇ ਵਿਚ ਮੰਜੀਆਂ ਡਹਾ ਕੇ ਬੈਠਦੀਆਂ ਨੇ ਨਾ ਆਢ ਗੁਆਂਢ ਦੀਆਂ ਤੀਵੀਂਆਂ ਆਉਂਦੀਆਂ ਨੇ।ਜੋ ਅਸੀਂ ਮਾਣਿਆ ਸੀ ਸਾਡੀ ਤ੍ਰਾਸਦੀ ਹੈ ਅਸੀਂ ਅਪਣੇ ਜੁਆਕਾਂ ਨੂੰ ਨਹੀਂ ਦੇ ਸਕੇ ਅਪਣੇ ਵਿਰਸੇ ਨੂੰ ਨਹੀਂ ਸੰਭਾਲ ਸਕੇ । ਕਾਸ਼ ਅਸੀਂ ਹੁਣ ਵੀ ਫ਼ੁਰਸਤ ਦੇ ਪਲਾਂ ਦੀ ਅਹਿਮੀਅਤ ਸਮਝ ਸਕੀਏ।

Naturedeep Kahlon

Naturedeep Kahlon

You may also like