ਮਾਘ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਲਾਲਾ ਦੇਵਕੀ ਨੰਦਨ, ਆਪਣੇ ਸਰਕਾਰੀ ਰਾਸ਼ਨ ਦੇ ਡੀਪੂ ਅੱਗੇ ਪੁੰਨਦਾਨ ਕਰ ਰਿਹਾ ਸੀ। ਸਬਜ਼ੀਆਂ ਤੇ ਹਲਵਾ ਤਿਆਰ ਹੋ ਚੁੱਕਾ ਸੀ, ਪੂਰੀਆਂ ਪੱਕ ਰਹੀਆਂ ਸਨ। ਗੁਰੀਬ ਬੱਚੇ ਬੁੱਢੇ ਨੌਜਵਾਨ ਨਰ ਅਤੇ ਨਾਰੀ, ਪਵਿੱਤਰ-ਭੋਜਨ’ ਦਾ ਆਨੰਦ ਮਾਣਕੇ ਲਾਲਾ ਜੀ ਨੂੰ ਅਸੀਸਾਂ ਦੇ ਰਹੇ ਸਨ।
ਐਨੇ ਨੂੰ ਦੁਰਗਾ ਹਲਵਾਈ ਆਇਆ। ਉਹ ਜ਼ਰਾ ਕੁ ਮੁਸਕਾ ਕੇ ਮਿੱਠਾ ਜਿਹਾ ਬਣ ਕਹਿਣ ਲੱਗਾ, ਲਾਲਾ ਜੀ। ਨਮਸਕਾਰ। ਤੁਸੀਂ ਤਾਂ ਧੰਨ ਹੋ। ਕਮਾਲ ਈ ਕਰ’ਤੀ। ਅਹਿ ਅੱਜ ਦੇ ਪਵਿੱਤਰ ਦਿਨ, ਪੁੰਨਦਾਨ ਕਰਨ ਦਾ ਕੰਮ ਤਾਂ ਬਹੁਤ ਵਧੀਆ ਐ ਜੀ।
ਸਭ ਪ੍ਰਭੂ ਦੀ ਕਿਰਪਾ ਹੈ। ਲਾਲਾ ਜੀ ਨੇ ਹੱਥ ਜੋੜਦਿਆਂ ਭਗਤ ਬਣਦਿਆਂ ਕਿਹਾ।
ਮੇਰੇ ਲਾਇਕ ਕੋਈ ਸੇਵਾ? ਦੁਰਗਾ ਹਲਵਾਈ ਫੇਰ ਅਧੀਨਗੀ ਨਾਲ ਬੋਲਿਆ, ਬੰਦਾ ਹਾਜ਼ਰ ਐ ਜੀ।
“ਬੱਸ ਮਿਹਰਬਾਨੀ ਹਾਂ ਸੱਚ ਲਾਲਾ ਦੇਵਕੀ ਨੰਦਨ ਨੇ ਝਿਜਕਦਿਆ ਝਿਜਕਦਿਆਂ ਆਲਾ ਦੁਆਲਾ ਵੇਖਕੇ ਕਿਹਾ, “ਮੇਰੇ ਕੋਲ ਆ ਕੰਨ ਕਰ ਇਕ ਗੱਲ ਕਰਨੀ ਐ….।”
ਦੁਰਗਾ ਹਲਵਾਈ ਜਦ ਲਾਲਾ ਦੇਵਕੀ ਨੰਦਨ ਦੇ ਨੇੜੇ ਹੋਇਆ ਤਾਂ ਲਾਲਾ ਜੀ ਨੇ ਗੰਭੀਰ ਪਰ ਮਚਲਾ ਜਿਹਾ ਬਣ ਕਿਹਾ “ਮੇਰੇ ਕੋਲ ਚਾਰ ਬੋਰੀਆਂ ਖੰਡ ਤੇ ਚਾਰ ਪੀਪੇ ਘਿਓ ਦੇ ਪਏ ਨੇ.ਜੇ ਲੋੜ ਹੋਵੇ ਤਾਂ ਦੱਸ ਦੇਵੀਂ ਰੇਟ ਤੈਨੂੰ ਪਿਛਲੇ ਮਹੀਨੇ ਵਾਲਾ ਹੀ ਲਾ ਦਿਆਂਗੇ।”
“ਕੋਈ ਨੀਂ ਜੀ ਠੀਕ ਹੈ। ਠੀਕ ਹੈ ਆਪਣੀ ਘਰ ਦੀ ਗੱਲ ਹੈ। ਅੱਜ ਹੁਣੇ ਹੀ ਮਾਲ ਚੁਕਵਾ ਲਵਾਂਗਾ। ਕਹਿੰਦਿਆਂ, ਦੁਰਗਾ ਹਲਵਾਈ ਲਾਲਾ ਜੀ ਨੂੰ ਨਮਸਕਾਰ ਕਰ ਚਲਾ ਗਿਆ।
ਮਲਕ ਭਾਗੋ ਦੇ ਸ਼ਰਧਾਲੂ ਸਰਕਾਰੀ ਰਾਸ਼ਨ ਡੀਪੂ ਅੱਗੇ ਗਰੀਬ ਬੱਚੇ ਬੁੱਢੇ ਨੌਜਵਾਨ ਨਰ ਅਤੇ ਨਾਰੀ ਇਸ ਪਵਿੱਤਰ ਭੋਜਨ ਦਾ ਆਨੰਦ ਮਾਣ ਕੇ ਲਾਲਾ ਜੀ ਨੂੰ ਅਸੀਸਾਂ ਦੇ ਰਹੇ ਹਨ।
ਉਹਨਾਂ ਵਿਚ ਭਾਈ ਲਾਲੋ ਦੀ ਪਹਿਚਾਣ ਕਰਨ ਵਾਲਾ ਗੁਰੂ ਨਾਨਕ ਜੀ ਵਰਗਾ ਕੋਈ ਨਹੀਂ ਸੀ।
ਥੋੜੇ ਚਿਰ ਪਿੱਛੋਂ ਦੂਜੇ ਪਾਸੇ ਦੁਰਗਾ ਹਲਵਾਈ ਰੇਹੜੇ ਤੇ ਮਾਲ ਲਦਵਾ ਰਿਹਾ ਸੀ।
ਡਾ. ਅਮਰ ਕੋਮਲ