ਉਸ ਦੇ ਹਰ ਅੱਖਰ ਦਾ ਮਤਲਬ ਇਨਕਲਾਬ ਹੁੰਦਾ ਸੀ। ਉਹ ਏਨੀ ਜੋਸ਼ੀਲੀ ਕਵਿਤਾ ਲਿਖਦਾ ਸੀ ਕਿ ਚਾਕੂ ਤੋਂ ਲੈ ਕੇ ਹਾਈਡਰੋਜਨ ਤੇ ਹਰ ਐਟਮੀ ਸ਼ਕਤੀ ਤੱਕ ਆਪਣੀ ਕਵਿਤਾ ਵਿਚ ਵਰਤਦਾ ਸੀ। ਉਸ ਦਿਨ ਉਸ ਨੇ ਬਹੁਤ ਹੀ ਗਰਮੀਲੀ ਕਵਿਤਾ ਲਿਖੀ ਜਿਸ ਵਿਚ ਚੀਨ ਵੱਲੋਂ ਚਲਾਏ ਅਖੀਰਲੇ ਐਟਮੀ ਬੰਬ ਦਾ ਜ਼ਿਕਰ ਤੱਕ ਸੀ। ਘਰੋਂ ਬਾਹਰ ਨਿਕਲਿਆ ਤਾਂ ਅੱਗੋਂ ਇੱਕ ਕੁੱਤਾ’ ਆਉਂਦਾ ਦਿਸਿਆ। ਕੁੱਤੇ ਤੋਂ ਡਰਨਾ ਉਸ ਦੀ ਬਚਪਨ ਦੀ ਆਦਤ ਸੀ ਖੌਰੇ ਕਿਸ ਵਕਤ ਸਾਲੇ ਨੇ ਚੱਕ ਮਾਰ ਦੇਣਾ। ਫੇਰ ਉਸਨੂੰ ਆਪਣੀ ਲਿਖੀ ਕਵਿਤਾ ਦਾ ਖਿਆਲ ਆਇਆ ਤਾਂ ਉਹ ਅੱਗੇ ਵਧਣ ਲੱਗਾ ਪਰ ਕੁੱਤੇ ਨਾਲ ਨਜ਼ਰਾਂ ਮਿਲਣ ਤੇ ਫੇਰ ਕੰਬ ਗਿਆ। ਕੁੱਤੇ ਨੂੰ ਹਰ ਆਦਮੀ ਵਲ ਵੇਖ ਕੇ ਘੁਰਕਣ ਦੀ ਵਾਦੀ ਸੀ। ਪਹਿਲਾਂ ਉਸ ਨੇ ਕੁੱਤੇ ਨੂੰ ਡਰਾਉਣ ਲਈ ਆਪਣੀ ਕਵਿਤਾ ਸੁਨਾਉਣ ਦੀ ਸੋਚੀ। ਪਰ ਜੇ ਕੁੱਤੇ ਤੇ ਉਲਟਾ ਅਸਰ ਹੋਇਆ ਤਾਂ? ਇਕ ਬੰਨੇ ਕਵਿਤਾ ਉਸ ਦਾ ਉਤਸ਼ਾਹ ਵਧਾਉਂਦੀ ਪਰ ਦੂਸਰੇ ਬੰਨੇ ਕੁੱਤੇ ਦਾ ਡਰ ਵਾਪਸ ਜਾਣ ਲਈ ਮਜ਼ਬੂਰ ਕਰ ਦਿੰਦਾ। ਅਖੀਰ ਉਸ ਨੇ ਇੱਟ ਫੜਕੇ ਕੁੱਤੇ ਦਾ ਮੁਕਾਬਲਾ ਕਰਨ ਦੀ ਸੋਚੀ। ‘ਕੁੱਤਾ’ ਇਤਨੇ ਚਿਰ ਨੂੰ ਨਜ਼ਦੀਕ ਆ ਚੁੱਕਾ ਸੀ। ਇਸ ਤੋਂ ਪਹਿਲਾਂ ਕਿ ਕੁੱਤਾ ਉਸ ਵੱਲ ਵੇਖਦਾ ਜਾਂ ਉਸ ਨੂੰ ਘੂਰਦਾ ਕਰਾਂਤੀਕਾਰੀ ਆਪਣੀ ਕਵਿਤਾ ਫੜ ਆਪਣੇ ਕਮਰੇ ਵੱਲ ਭੱਜਾ ਜਾ ਰਿਹਾ ਸੀ। |
ਨਵੰਬਰ-1972
ਦਵਿੰਦਰ ‘ਦੀਦਾਰ