ਸਾਰੇ ਕਿੰਨੇ ਖੁਸ਼ ਸਨ ਪਰ ਬਾਬੇ ਦੀ ਖੁਸ਼ੀ ਦਾ ਤਾਂ ਕੋਈ ਅਪਾਰ ਨਹੀਂ ਸੀ। ਇਸ ਸਾਲ ਕਣਕ ਦੀ ਫਸਲ ਪਿਛਲੇ ਕਈ ਸਾਲਾਂ ਨਾਲੋਂ ਬਹੁਤ ਵਧੀਆ ਸੀ। ਲਹਿਲਾਉਂਦੀ ਫਸਲ ਨੂੰ ਵੇ ਖ ਬਾਬਾ ਖੁਸ਼ੀ ‘ਚ ਝੂਮਣ ਲਗਦਾ। ਪਿਛਲੇ ਕਈ ਸਾਲਾਂ ਦੇ ਚੜ੍ਹੇ ਆਉਂਦੇ ਕਰਜ਼ੇ ਉਹ ਇਸ ਵਾਰੀ ਦੀ ਕਣਕ ਵੇਚ ਕੇ ਲਾਹ ਦੇਵੇਗਾ। ਆਪਣੇ ਲਈ ਚਿੱਟੀ ਲੱਠੇ ਦੀ ਧੋਤੀ ਤੇ ਝੱਗਾ ਅਤੇ ਬੱਚਿਆਂ ਲਈ ਨਵੇਂ ਕੱਪੜੇ ਪ੍ਰੀਦੇਗਾ। ਹੁਣ ਸੁਸਾਇਟੀ ਵਾਲੇ ਖਾਦ ਦੇ ਕਰਜ਼ੇ ਦੀ ਉਗਰਾਹੀ ਲਈ ਉਸਦੇ ਘਰ ਨਹੀਂ ਆਉਣਗੇ। ਉਹ ਚੈਨ ਦੀ ਨੀਂਦ ਸੌਂ ਸਕੇਗਾ। ਬਾਬਾ ਕਿੰਨਾ ਹੀ ਕੁਝ ਸੋਚਾਂ ਜਾ ਰਿਹਾ ਸੀ। ਇਸ ਤਰ੍ਹਾਂ ਦੀ ਮਸਤੀ ’ਚ ਮਸਤ ਹੋਇਆ ਬਾਬਾ ਸੌਂ ਗਿਆ।
ਦਿਨ ਚੜ੍ਹਦੇ ਨੂੰ ਸਾਰੇ ਪਿੰਡ ‘ਚ ਕਾਵਾਂ ਰੌਲੀ ਮੱਚੀ ਹੋਈ ਸੀ। ਕੱਲ੍ਹ ਸ਼ਾਮ ਦੇ ਖਿੜਦੇ ਚਿਹਰੇ ਮੁਰਝਾ ਗਏ ਸਨ- ਜਿਵੇਂ ਫੁੱਲਾਂ ਸਮੇਤ ਬੂਟੇ ਪੁੱਟੇ ਗਏ ਹੋਣ। ਬਾਬਾ ਸੋਟੀ ਦੇ ਸਹਾਰੇ ਖੇਤਾਂ ਵੱਲ ਗਿਆ। ਰਾਤ ਦੇ ਝੱਖੜ ਤੇ ਗੱੜਿਆਂ ਨੇ ਕਣਕ ਦੀ ਡਾਲ ਡਾਲ ਤੋੜ ਦਿੱਤੀ ਸੀ। ਕੋਈ ਬੱਲੀ ਦਿਖਾਈ ਨਹੀਂ ਸੀ ਦਿੰਦੀ। ਗੁੰਡ ਮਰੁੰਡ ਖੜੀਆਂ ਤੀਆਂ ਜਿਵੇਂ ਮੂੰਹ ਚਿੜਾ ਰਹੀਆਂ ਹੋਣ। ਬਾਬੇ ਨੂੰ ਲੱਗਿਆ ਜਿਵੇਂ ਰਾਤੋ ਰਾਤ ਕੋਈ ਅਬਦਾਲੀ ਲੁੱਟ ਗਿਆ ਹੋਵੇ। ਚਾਰੇ ਪਾਸੇ ਨਮੋਸ਼ੀ ਹੀ ਨਮੋਸ਼ੀ।
| ਬਾਬਾ ਵਾਪਸ ਮੁੜਿਆ ਪਿੰਡ ‘ਚ ਸਰਕਾਰੀ ਗੱਡੀਆਂ ਹਰਲ ਹਰਲ ਕਰਦੀਆਂ ਫਿਰਦੀਆਂ ਸਨ। ਜੀਪਾਂ ਤੇ ਲੱਗੇ ਸਪੀਕਰ ਕਹਿ ਰਹੇ ਸਨ ਕਿ ਕੱਲ੍ਹ ਕੋਈ ਵੱਡਾ ਮੰਤਰੀ ਆ ਰਿਹਾ ਹੈ ਜੋ ਆਪਣੀਆਂ ਅੱਖਾਂ ਨਾਲ ਦੇਖਕੇ ਨੁਕਸਾਨ ਦਾ ਜਾਇਜ਼ਾ ਲਏਗਾ ਤੇ ਵਕਤ ਸਮੇਂ ਲੋਕਾਂ ਲਈ ਸਰਕਾਰ ਵੱਲੋਂ ਪੂਰੀ ਮਦਦ ਦਿਵਾਏਗਾ।
ਵਕਤ ਦੇ ਮਾਰੇ ਲੋਕਾਂ ’ਚ ਥੋੜੀ ਹਿੰਮਤ ਆਈ। ਉਹ ਬੜੀ ਬੇਸਬਰੀ ਨਾਲ ਕੱਲ ਦੀ ਉਡੀਕ ਕਰਨ ਲੱਗੇ। ਅਗਲੇ ਦਿਨ, ਦਿਨ ਚੜ੍ਹਦੇ ਤੋਂ ਹੀ ਨਿਆਈਂ ’ਚ ਲੋਕ ਜਮਾਂ ਹੋ ਗਏ ਜਿੱਥੇ ਮੰਤਰੀ ਨੇ ਆਉਣਾ ਸੀ। ਪਿਛਲੇ ਸਾਲ ਇੱਥੇ ਨਿਆਈਂ ’ਚ ਗੌਣ ਲੱਗਿਆ ਸੀ, ਆਲੇ ਦੁਆਲੇ ਦੇ ਸਾਰੇ ਪਿੰਡਾਂ ਦੇ ਲੋਕ ਆਏ ਸੀ ਪਰ ਨਿਆਈਂ ਖਾਲੀ ਖਾਲੀ ਲੱਗਦੀ ਸੀ ਪਰ ਅੱਜ ਤਿਲ ਧਰਲ ਨੂੰ ਥਾਂ ਨਹੀਂ ਸੀ ਮਿਲਦੀ। ਬਾਬਾ ਵੀ ਬੋਤੇ ਉਪਰ ਬੈਠ ਕੇ ਆ ਗਿਆ ਸੀ। ਪਿੱਛੇ ਜਿਹੇ ਬੋਤੇ ਦੀ ਮੁਹਾਰ ਢਿੱਲੀ ਛੱਡ ਕੇ ਬਾਬਾ ਬੈਠ ਗਿਆ।
ਮੰਤਰੀ ਜੀ ਆ ਗਏ ਜਨਤਾ ਨੇ ਤਾੜੀਆਂ ਮਾਰ ਮਾਰ ਅਕਾਸ਼ ਗੂੰਜਾ ਦਿੱਤਾ। ਮੰਤਰੀ ਜੀ ਭਾਸ਼ਨ ਦੇ ਰਹੇ ਸਨ ਕਿ ਇਸ ਇਲਾਕੇ ਵਿਚ ਪਿਛਲੇ ਦਿਨ ਜੋ ਕੁਦਰਤ ਦੀ ਕਰੋਪੀ ਹੋਈ ਉਸ ਨਾਲ ਬਹੁਤ ਨੁਕਸਾਨ ਹੋਇਆ ਹੈ। ਇਹ ਨੁਕਸਾਨ ਲਾਏ ਗਏ ਅੰਦਾਜ਼ੇ ਨਾਲੋਂ ਕਿਤੇ ਵੱਧ ਹੈ। ਇਸ ਪੀੜ ਸਮੇਂ ਸਰਕਾਰ ਜੰਤਾ ਦੇ ਨਾਲ ਹੈ ਖਾਸ ਕਰਕੇ ਮੰਤਰੀ ਜੀ ਦੀ ਦਿਲੀ ਹਮਦਰਦੀ। ਗੜੇਮਾਰੀ ਨਾਲ ਹੋਏ ਨੁਕਸਾਨ ਨੂੰ ਪੂਰਾ ਕਰਨ ਲਈ ਮੰਤਰੀ ਜੀ ਵਾਅਦੇ ਤੇ ਵਾਅਦਾ ਕਰ ਰਹੇ ਸਨ। ਅਖੀਰ ’ਚ ਮੰਤਰੀ ਜੀ ਨੇ ਲੋਕਾਂ ਨੂੰ ਇਸ ਮੁਸੀਬਤ ਦਾ ਟਾਕਰਾ ਕਰਨ ਲਈ ਹੌਸਲੇ ਬੁਲੰਦ ਰੱਖਣ ਲਈ ਕਿਹਾ।
ਮੰਤਰੀ ਜੀ ਦੇ ਭਾਸ਼ਨ ਤੇ ਲੋਕਾਂ ਨੇ ਫਿਰ ਇਕ ਵਾਰੀ ਤਾੜੀਆਂ ਦਾ ਹੜ ਲਿਆ ਦਿੱਤਾ। ਉਨ੍ਹਾਂ ਮਹਿਸੂਸ ਕੀਤਾ ਜਿਵੇਂ ਰੱਬ ਆਪ ਉਨ੍ਹਾਂ ਦੀ ਮਦਦ ਲਈ ਆ ਬਹੁੜਿਆ ਹੋਵੇ। ਬਾਬੇ ਨੇ ਉਗਾਲੀ ਕਰ ਰਹੇ ਊਠ ਵੱਲ ਦੇਖਿਆ। ਲਗਦਾ ਸੀ ਕਿ ਊਠ ਦਾ ਵਲੂ ਡਿਗਿਆ ਕਿ ਡਿਗਿਆ। ਪਰ ਊਠ ਦਾ ਬਲੁ ਕਦੇ ਨਹੀਂ ਡਿੱਗਣਾ। ਬਾਬੇ ਨੇ ਦਿਲ ’ਚ ਸੋਚਿਆ ਤੇ ਖੰਡੀ ਸਹਾਰੇ ਉੱਠ ਕੇ ਬੋਤੇ ਉੱਪਰ ਬੈਠ ਕੇ ਘਰ ਨੂੰ ਮੁੜ ਪਿਆ। ਅਕਤੂਬਰ-1976
ਰਿੰਦਰ ਕੈਲੇ