ਸਾਂਝ

by Jasmeet Kaur

ਵਿਦੇਸ਼ ਤੋਂ ਕਈ ਸਾਲਾਂ ਬਾਅਦ ਕਮਾਈ ਕਰਕੇ ਮੁੜੇ ਸੁੱਚਾ ਸਿੰਘ ਨੂੰ ਪਿੰਡ ਨਾਲੋਂ ਜਿਆਦਾ ਆਪਣੇ ਆਪ ਵਿਚ ਆਈ ਤਬਦੀਲੀ ਦਾ ਅਹਿਸਾਸ ਹੋ ਰਿਹਾ ਸੀ। ਏਨਾ ਅਰਸਾ ਮਾਂਬਾਪ ਤੇ ਸਕੇ ਸੰਬੰਧੀਆਂ ਤੋਂ ਦੂਰ ਰਹਿਣ ਨਾਲ ਉਸ ਦਾ ਉਨ੍ਹਾਂ ਪ੍ਰਤੀ ਮੋਹ ਕਈ ਗੁਣਾ ਵਧ ਗਿਆ ਸੀ। ਸੀਰੀ ਰੱਖੇ ਭੱਈਏ ਜਿਸ ਨੂੰ ਹਰ ਗੱਲ ‘ਤੇ ਝਿੜਕ ਦਿਆ ਕਰਦਾ ਸੀ ਅਤੇ ਥੋੜ੍ਹਾ ਬਹੁਤਾ ਵੀ ਗਲਤ ਕੰਮ ਕਰਨ ਤੇ ਚਾਰ ਲਾ ਵੀ ਦਿੰਦਾ ਸੀ, ਨਾਲ ਵਿਸ਼ੇਸ਼ ਤੌਰ ਤੇ ਮੋਹ ਜਾਗ ਪਿਆ ਸੀ।
ਕੱਲ ਦੇਸੀ ਘਿਉ ਨਾਲ ਭਰੀ ਪੀਪੀ ਠੇਡਾ ਵੱਜਣ ਨਾਲ ਭੱਈਏ ਹੱਥੋਂ ਛੁੱਟ ਕੇ ਦੂਰ ਜਾ ਡਿੱਗੀ ਸੀ ਅਤੇ ਸਾਰਾ ਘਿਉ ਜਮੀਨ ਤੇ ਢੇਰੀ ਹੋ ਗਿਆ ਸੀ। ਕੋਲ ਹੀ ਫਿਰਦੇ ਸੁੱਚਾ ਸਿੰਘਦੇ ਭਰਾ ਨੇ ਪੀਪੀ ਵਿਚਲਾ ਘਿਉ ਧਰਤੀ ਤੇ ਡੁੱਲਿਆ ਵੇਖ ਕੇ ਗਾਲਾਂ ਦੀ ਝੜੀ ਲਾ ਦਿੱਤੀ ਤੇ ਕੋਲ ਹੀ ਪਏ ਡੰਡੇ ਨੂੰ ਚੁੱਕ ਕੇ ਗੁੱਸੇ ਨਾਲ ਲਾਲ ਹੋਇਆ ਭਈਏ ਨੂੰ ਕੁੱਟਣ ਆਇਆ ਤਾਂ ਵਰਾਂਡੇ ਵਿਚ ਪੱਖੇ ਥੱਲੇ ਬੈਠੇ ਸੁੱਚਾ ਸਿੰਘ ਨੇ ਭਰਾ ਨੂੰ ਵਰਜਿਆ ਤੇ ਭੱਜ ਕੇ ਆ ਕੇ ਭੱਈਏ ਨੂੰ ਜੱਫੀ ਵਿਚ ਲੈ ਲਿਆ।
ਕਮਲਿਆ! ਤੂੰ ਕੀ ਜਾਣੇ ਇਹਦੇ ਦੁੱਖਾਂ ਨੂੰ? ਮੈਨੂੰ ਪੁੱਛ ਕੇ ਵੇਖ ਦੇਸ਼ਾਂ ਵਿਚ ਕਿਵੇ ‘ਦਿਨ ਕਟੀਆਂ ਕਰੀਦੀਆਂ ਨੇ। ਕਹਿ ਕੇ ਉਸ ਨੇ ਧਾਹ ਹੀ ਤਾਂ ਮਾਰ ਦਿੱਤੀ ਸੀ।

ਅਮਰ ਘੋਲੀਆ

You may also like