ਬਕਵਾਸ

by Jasmeet Kaur

ਨਖਲਿਸਤਾਨ ਦੀ ਸੰਸਦ ਦਾ ਸਮਾਗਮ ਚਲ ਰਿਹਾ ਸੀ। ਅੱਜ ਦੇਸ਼ ਦੇ ਚਾਚਾ ਦੇ ਜਨਮ ਦਿਨ ਵੀ ਸਮਾਗਮ ਬਲਾਉਣਾ ਪਿਆ ਸੀ। ਕਾਨੂੰਨ ਬਹੁਤ ਸਾਰੇ ਵਿਚਾਰ ਅਧੀਨ ਪਏ ਸਨ। ਵਕਤ ਬੜਾ ਘੱਟ ਸੀ।
ਵਕਤ ਨਾ ਮਿਲਣ ਕਰਕੇ ਦੋ ਵਿਰੋਧੀ ਪਾਰਟੀਆਂ ਦੇ ਵਿਧਾਇਕ ਸਦਨ ਵਿੱਚੋਂ ਵਾਕ ਆਊਟ ਕਰ ਗਏ ਸਨ।
ਬਕਵਾਸ?
ਆਨਰੇਬਲ ਮੈਂਬਰਜ਼, ਰਾਜ ਮੰਤਰੀ ਨੇ ਬਕਵਾਸ ਦਾ ਸ਼ਬਦ ਵਰਤਿਆ ਏ।
ਹੈ, ਬਕਵਾਸ ਦਾ ਸ਼ਬਦ ਵਰਤਿਆ ਏ?
ਸਾਨੂੰ ਬਕਵਾਸ ਕਿਹਾ ਏ?
ਕੀ ਆਪੋਜੀਸ਼ਨ ਬਕਵਾਸ ਏ?
ਬਕਵਾਸ ਨਹੀਂ, ਤੁਸੀਂ ਮਹਾਂ ਬਕਵਾਸ ਹੋ।
ਇਹ ਹਰਾਮਖੋਰ ਸਾਨੂੰ ਬਕਵਾਸ ਕਹਿੰਦੇ ਨੇ।
ਇਹ ਸਦਨ ਦੀ ਤੌਹੀਨ ਏ।
ਇਹ ਅਪਮਾਨ ਏ।
ਰਾਜ ਮੰਤਰੀ ਇਹ ਸ਼ਬਦ ਵਾਪਸ ਲਵੇ।
ਸਪੀਕਰ ਇਹ ਸ਼ਬਦ ਸਦਨ ਦੀ ਕਾਰਵਾਈ ਰਿਕਾਰਡ ਵਿੱਚੋਂ ਬਾਹਰ ਕੱਢੇ।
ਤੁਸੀਂ ਜਿੰਨਾਂ ਮਰਜ਼ੀ ਭੌਕੀ ਜਾਵੋ ਇਹ ਸ਼ਬਦ ਵਾਪਸ ਨਹੀਂ ਹੋਵੇਗਾ।
ਅਸੀਂ ਮੁੱਕੇ ਮਾਰ-ਮਾਰ ਕੇ ਕੁਰਸੀਆਂ ਤੋੜ ਦਿਆਂਗੇ।
ਟੋਪੀਆਂ ਉਛਾਲ ਦਿਆਂਗੇ।
ਪੇਪਰ ਪਾੜ ਦਿਆਂਗੇ।
ਤੇ ਫਿਰ ਇੱਕ ਘੰਟਾ ਵੀਹ ਮਿੰਟ ਰੌਲਾ ਪੈਂਦਾ ਰਿਹਾ- ਤੂੰ-ਤੂੰ, ਮੈਂ-ਮੈਂ ਹੁੰਦੀ ਰਹੀ- ਇੱਕ ਦੂਜੇ ਨੂੰ ਚੋਣਵੇਂ ਸ਼ਬਦਾਂ ਵਿਚ ਗਾਲਾਂ ਕੱਢੀਆਂ ਜਾਂਦੀਆਂ ਰਹੀਆਂ। ਸਦਨ ਦੀ ਕਾਰਵਾਈ ਰੁਕੀ ਰਹੀ।
ਸਪੀਕਰ ਨੇ ਸਦਨ ਦਾ ਸਮਾਗਮ ਇਕ ਘੰਟੇ ਲਈ ਉਠਾ ਦਿੱਤਾ। ਆਪਣੇ ਚੈਂਬਰ ਵਿਚ ਵਿਰੋਧੀ ਆਗੂਆਂ ਨੂੰ ਬੁਲਾਇਆ।
ਘੰਟੇ ਬਾਅਦ ਕਾਰਵਾਈ ਫੇਰ ਸ਼ੁਰੂ ਹੋਈ ਆਰਡੀਨੈਂਸ ਉਤੇ ਵਿਚਾਰ ਕਰਨ ਤੋਂ ਪਹਿਲਾਂ ਰਾਜ ਮੰਤਰੀ ਨੇ ਆਪਣਾ ਸਪਸ਼ਟੀਕਰਣ ਦਿੱਤਾ।
ਬਕਵਾਸ ਸ਼ਬਦ ਮੈਂ ਸਦਨ ਦੇ ਕਿਸੇ ਆਨਰੇਬਲ ਮੈਂਬਰ ਬਾਰੇ ਨਹੀਂ ਸੀ ਵਰਤਿਆ। ਇਹ ਕਈ ਪ੍ਰਾਂਤਾਂ ਵਿਚ ਚਲ ਰਹੇ ਕਿਸਾਨ ਅੰਦੋਲਨ ਬਾਰੇ….।
ਸਾਡੇ ਕਿਸਾਨ ਆਗੂਆਂ ਨੂੰ ਬਕਵਾਸ ਕਿਹਾ।
ਖੰਡ ਦਾ ਮੁੱਲ 20 ਰੁਪਏ ਕਿਲੋ ਅਤੇ ਗੰਨੇ ਦਾ ਮੁੱਲ 20 ਰੁਪਏ ਕੁਇੰਟਲ।
ਸ਼ੇਮ!ਸ਼ੇਮ!
ਭੁੱਖੇ ਮਰਦੇ ਕਿਸਾਨ ਜੇ ਹੜਤਾਲ ਕਰਦੇ ਹਨ, ਤਾਂ ਤੁਸੀਂ ਬਕਵਾਸ ਕਹਿੰਦੇ ਹੋ। ‘
ਕਾਥੋਂ ਪਰ ਸੰਗੀਨ ਕੰਦਾਲੇ, ਹੋਠਾਂ ਪਰ ਬੇਬਾਕ ਤਰਾਨੇ।
ਦਹਿਕਾਨੋਂ ਕੇ ਦਲ ਨਿਕਲੇ ਹੋਂ ਆਪਨੀ ਬਿਗੜੀ ਆਪ ਬਨਾਨੇ।
– ਬੰਦ ਕਰ ਬਕਵਾਸ ਏਨੀ ਗੰਭੀਰ ਸਮੱਸਿਆ ਏ ਤੇ ਤੈਨੂੰ ਸ਼ੇਅਰ ਸੁਝਦੇ ਨੇ।
– ਸਪੀਕਰ, ਬਕਵਾਸ ਵਰਗਾ ਗੰਦਾ ਤੇ ਬਾਸਟਰਡ ਸ਼ਬਦ ਸਦਨ ਦੀ ਕਾਰਵਾਈ ਵਿੱਚੋਂ ਬਾਹਰ ਨਹੀਂ ਕੱਢ ਰਿਹਾ- ਸਾਰਾ ਦਲ ਵਾਕ ਆਊਟ ਕਰਦਾ ਹੈ।
– ਜਾਉ, ਤੁਸੀਂ ਚਲੇ ਜਾਉ।
– ਕਿਉਂ ਅਸੀਂ ਕਿਉਂ ਜਾਈਏ? ਤੇਰੇ ਪਿਉ ਦੇ ਘਰ ਬੈਠੇ ਹਾਂ?
– ਆਰਡਰ-ਅਰਡਰ। ਆਨਰੇਬਲ ਮੈਂਬਰਜ਼
ਰਾਜ ਮੰਤਰੀ ਨੇ ਸਦਨ ਦੇ ਪਵਿੱਤਰ ਨੇਮਾਂ ਦਾ ਸਤਿਕਾਰ ਕਰਦਿਆਂ ਹੋਇਆ ਆਪਣੇ ਮੂੰਹੋਂ ਨਿਕਲੇ ਬਕਵਾਸ ਸ਼ਬਦ ਨੂੰ ਵਾਪਸ ਲੈ ਲਿਆ।
ਇਹ ਸ਼ਬਦ ਉਨ੍ਹਾਂ ਜਾਣ ਬੁਝ ਕੇ ਨਹੀਂ ਸੀ ਵਰਤਿਆ- ਇਹ ਤਾਂ ਸਲਿਪ ਆਫ਼ ਦੀ ਟੰਗ ਹੀ ਸੀ। (ਤਾੜੀਆਂ)
ਕੀ ਨਾਨਸੈਂਸ ਹੈ?
(ਤਾੜੀਆਂ ਵੱਜੀ ਜਾ ਰਹੀਆਂ ਹਨ)

ਹਮਦਰਦਵੀਰ ਨੌਸ਼ਹਿਰਵੀ

You may also like