182
ਸਲੋਕੁ ਮਃ ੧ ॥
ਸਚੇ ਤੇਰੇ ਖੰਡ ਸਚੇ ਬ੍ਰਹਮੰਡ ॥ ਸਚੇ ਤੇਰੇ ਲੋਅ ਸਚੇ ਆਕਾਰ ॥ ਸਚੇ ਤੇਰੇ ਕਰਣੇ ਸਰਬ ਬੀਚਾਰ ॥ ਸਚਾ ਤੇਰਾ ਅਮਰੁ ਸਚਾ ਦੀਬਾਣੁ ॥ ਸਚਾ ਤੇਰਾ ਹੁਕਮੁ ਸਚਾ ਫੁਰਮਾਣੁ ॥ ਸਚਾ ਤੇਰਾ ਕਰਮੁ ਸਚਾ ਨੀਸਾਣੁ ॥
ਹੇ ਸੱਚੇ ਪਾਤਸ਼ਾਹ! ਤੇਰੇ (ਪੈਦਾ ਕੀਤੇ ਹੋਏ) ਖੰਡ ਤੇ ਬ੍ਰਹਿਮੰਡ ਸੱਚੇ ਹਨ (ਭਾਵ, ਖੰਡ ਤੇ ਬ੍ਰਹਿਮੰਡ ਸਾਜਣ ਵਾਲਾ ਤੇਰਾ ਇਹ ਸਿਲਸਿਲਾ ਸਦਾ ਲਈ ਅਟੱਲ ਹੈ) । ਤੇਰੇ (ਸਿਰਜੇ ਹੋਏ ਚੌਦਾਂ) ਲੋਕ ਤੇ (ਇਹ ਬੇਅੰਤ) ਆਕਾਰ ਭੀ ਸਦਾ ਥਿਰ ਰਹਿਣ ਵਾਲੇ ਹਨ; ਤੇਰੇ ਕੰਮ ਤੇ ਸਾਰੀਆਂ ਵਿਚਾਰਾਂ ਨਾਸ ਰਹਿਤ ਹਨ। ਹੇ ਪਾਤਸ਼ਾਹ! ਤੇਰੀ ਪਾਤਸ਼ਾਹੀ ਤੇ ਤੇਰਾ ਦਰਬਾਰ ਅਟੱਲ ਹਨ, ਤੇਰਾ ਹੁਕਮ ਤੇ ਤੇਰਾ (ਸ਼ਾਹੀ) ਫ਼ੁਰਮਾਨ ਭੀ ਅਟੱਲ ਹਨ। ਤੇਰੀ ਬਖ਼ਸ਼ਸ਼ ਸਦਾ ਲਈ ਥਿਰ ਹੈ ਤੇ ਤੇਰੀਆਂ ਬਖ਼ਸ਼ਸ਼ਾਂ ਦਾ ਨਿਸ਼ਾਨ ਭੀ (ਭਾਵ, ਇਹ ਬੇਅੰਤ ਪਦਾਰਥ ਜੋ ਤੂੰ ਜੀਆਂ ਨੂੰ ਦੇ ਰਿਹਾ ਹੈ) ਸਦਾ ਵਾਸਤੇ ਕਾਇਮ ਹੈ।