151
ਬਿਲਾਵਲੁ ਮਹਲਾ ੧ ॥
ਮਨ ਕਾ ਕਹਿਆ ਮਨਸਾ ਕਰੈ ॥ ਇਹੁ ਮਨੁ ਪੁੰਨੁ ਪਾਪੁ ਉਚਰੈ ॥ ਮਾਇਆ ਮਦਿ ਮਾਤੇ ਤ੍ਰਿਪਤਿ ਨ ਆਵੈ ॥ ਤ੍ਰਿਪਤਿ ਮੁਕਤਿ ਮਨਿ ਸਾਚਾ ਭਾਵੈ ॥੧॥ ਤਨੁ ਧਨੁ ਕਲਤੁ ਸਭੁ ਦੇਖੁ ਅਭਿਮਾਨਾ ॥ ਬਿਨੁ ਨਾਵੈ ਕਿਛੁ ਸੰਗਿ ਨ ਜਾਨਾ ॥੧॥ ਰਹਾਉ ॥
ਪ੍ਰਭੂ ਨਾਮ ਤੋਂ ਖੁੰਝੇ ਹੋਏ ਮਨੁੱਖ ਦੀ ਬੁੱਧੀ ਮਨ ਦੇ ਕਹੇ ਵਿਚ ਤੁਰਦੀ ਹੈ, ਤੇ, ਇਹ ਮਨ ਨਿਰੀਆਂ ਇਹੀ ਗੱਲਾਂ ਸੋਚਦਾ ਹੈ ਕਿ ਸ਼ਾਸਤ੍ਰਾਂ ਦੀ ਮਰਯਾਦਾ ਅਨੁਸਾਰ ਪੁਨੰ ਕੀ ਹੈ ਤੇ ਪਾਪ ਕੀ ਹੈ। ਮਾਇਆ ਦੇ ਨਸ਼ੇ ਵਿਚ ਮਸਤ ਹੋਏ ਮਨੁੱਖ ਨੂੰ ਮਾਇਆ ਵਲੋਂ ਰਜੇਵਾਂ ਨਹੀਂ ਹੁੰਦਾ।ਮਾਇਆ ਵਲੋਂ ਰਜੇਵਾਂ ਤੇ ਮਾਇਆ ਦੇ ਮੋਹ ਤੋਂ ਖਲਾਸੀ ਤਦੋਂ ਹੀ ਹੁੰਦੀ ਹੈ ਜਦੋਂ ਮਨੁੱਖ ਨੂੰ ਸਦਾ ਥਿਰ ਰਹਿਣ ਵਾਲਾ ਪ੍ਰਭੂ ਮਨ ਵਿਚ ਪਿਆਰਾ ਲੱਗਣ ਲੱਗ ਪਏ।੧। ਹੇ ਅਭਿਮਾਨੀ ਜੀਵ! ਵੇਖ, ਇਹ ਸਰੀਰ, ਇਹ ਧਨ, ਇਹ ਇਸਤ੍ਰੀ ਇਹ ਸਭ (ਸਦਾ ਨਾਲ ਨਿਭਣ ਵਾਲੇ ਨਹੀਂ ਹਨ) ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਚੀਜ਼ (ਜੀਵ ਦੇ) ਨਾਲ ਨਹੀਂ ਜਾਂਦੀ।੧। ਰਹਾਉ।