563
ਵਡਹੰਸੁ ਮਹਲਾ ੧ ॥ ਕਰਹੁ ਦਇਆ ਤੇਰਾ ਨਾਮੁ ਵਖਾਣਾ ॥ ਸਭ ਉਪਾਈਐ ਆਪਿ ਆਪੇ ਸਰਬ ਸਮਾਣਾ ॥ ਸਰਬੇ ਸਮਾਣਾ ਆਪਿ ਤੂਹੈ ਉਪਾਇ ਧੰਧੈ ਲਾਈਆ ॥ ਇਕਿ ਤੁਝ ਹੀ ਕੀਏ ਰਾਜੇ ਇਕਨਾ ਭਿਖ ਭਵਾਈਆ ॥ ਲੋਭੁ ਮੋਹੁ ਤੁਝੁ ਕੀਆ ਮੀਠਾ ਏਤੁ ਭਰਮਿ ਭੁਲਾਣਾ ॥ ਸਦਾ ਦਇਆ ਕਰਹੁ ਅਪਣੀ ਤਾਮਿ ਨਾਮੁ ਵਖਾਣਾ ॥੧॥
ਪ੍ਰਭੂ! ਮੇਹਰ ਕਰ ਕਿ ਮੈਂ ਤੇਰਾ ਨਾਮ ਸਿਮਰ ਸਕਾਂ। ਤੂੰ ਸਾਰੀ ਸ੍ਰਿਸ਼ਟੀ ਆਪ ਹੀ ਪੈਦਾ ਕੀਤੀ ਹੈ ਤੇ ਆਪ ਹੀ ਸਭ ਜੀਵਾਂ ਵਿਚ ਵਿਆਪਕ ਹੈਂ। ਤੂੰ ਆਪ ਹੀ ਸਭ ਜੀਵਾਂ ਵਿਚ ਸਮਾਇਆ ਹੋਇਆ ਹੈਂ, ਪੈਦਾ ਕਰ ਕੇ ਤੂੰ ਆਪ ਹੀ ਸ੍ਰਿਸ਼ਟੀ ਨੂੰ ਮਾਇਆ ਦੀ ਦੌੜ-ਭੱਜ ਵਿਚ ਲਾਇਆ ਹੋਇਆ ਹੈ। ਕਈ ਜੀਵਾਂ ਨੂੰ ਤੂੰ ਆਪ ਹੀ ਰਾਜੇ ਬਣਾ ਦਿੱਤਾ ਹੈ, ਤੇ ਕਈ ਜੀਵਾਂ ਨੂੰ (ਮੰਗਤੇ ਬਣਾ ਕੇ) ਭਿੱਖਿਆ ਮੰਗਣ ਵਾਸਤੇ (ਦਰ ਦਰ) ਭਵਾ ਰਿਹਾ ਹੈਂ। ਹੇ ਪ੍ਰਭੂ! ਤੂੰ ਲੋਭ ਅਤੇ ਮੋਹ ਨੂੰ ਮਿੱਠਾ ਬਣਾ ਦਿੱਤਾ ਹੈ, ਜਗਤ ਇਸ ਭਟਕਣਾ ਵਿਚ ਪੈ ਕੇ ਕੁਰਾਹੇ ਪੈ ਰਿਹਾ ਹੈ। ਜੇ ਤੂੰ ਸਦਾ ਆਪਣੀ ਮੇਹਰ ਕਰਦਾ ਰਹੇਂ ਤਾਂ ਹੀ ਮੈਂ ਤੇਰਾ ਨਾਮ ਸਿਮਰ ਸਕਦਾ ਹਾਂ ॥੧॥