371
ਸਲੋਕ ਮ: ੩ ॥
ਅੰਦਰਿ ਕਪਟੁ ਸਦਾ ਦੁਖੁ ਹੈ ਮਨਮੁਖ ਧਿਆਨੁ ਨ ਲਾਗੈ ॥ ਦੁਖ ਵਿਚਿ ਕਾਰ ਕਮਾਵਣੀ ਦੁਖੁ ਵਰਤੈ ਦੁਖੁ ਆਗੈ ॥ ਕਰਮੀ ਸਤਿਗੁਰੁ ਭੇਟੀਐ ਤਾ ਸਚਿ ਨਾਮਿ ਲਿਵ ਲਾਗੈ ॥ ਨਾਨਕ ਸਹਜੇ ਸੁਖੁ ਹੋਇ ਅੰਦਰਹੁ ਭ੍ਰਮੁ ਭਉ ਭਾਗੈ ॥੧॥
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਮਨ ਵਿਚ ਖੋਟ ਟਿਕਿਆ ਰਹਿੰਦਾ ਹੈ ਸਦਾ (ਆਤਮਕ) ਕਲੇਸ਼ ਰਹਿੰਦਾ ਹੈ, ਉਸ ਦੀ ਸੁਰਤ ਨਹੀਂ ਜੁੜਦੀ। ਉਸ ਮਨੁੱਖ ਦੀ ਸਾਰੀ ਕਿਰਤ ਕਾਰ ਦੁੱਖ ਕਲੇਸ਼ ਵਿਚ ਹੀ ਹੁੰਦੀ ਹੈ ਕਲੇਸ਼ ਹੀ ਵਾਪਰਦਾ ਰਹਿੰਦਾ ਹੈ, ਪਰਲੋਕ ਵਿਚ ਭੀ ਉਸ ਦੇ ਵਾਸਤੇ ਕਲੇਸ਼ ਹੀ ਹੈ। ਮਿਹਰ ਨਾਲ ਗੁਰੂ ਮਿਲਦਾ ਹੈ ਤਦੋਂ ਸਦਾ ਥਿਰ ਹਰਿ ਨਾਮ ਵਿਚ ਉਸ ਦੀ ਲਗਨ ਲੱਗ ਜਾਂਦੀ ਹੈ। ਹੇ ਨਾਨਕ! ਆਤਮਕ ਅਡੋਲਤਾ ਵਿਚ ਆਨੰਦ ਮਿਲਿਆ ਰਹਿੰਦਾ ਹੈ ਤੇ ਉਸ ਦੇ ਮਨ ਵਿਚੋਂ ਭਟਕਣਾ ਦੂਰ ਹੋ ਜਾਂਦੀ ਹੈ ਸਹਿਮ ਦੂਰ ਹੋ ਜਾਂਦਾ ਹੈ ॥੧॥