315
ਵਡਹੰਸੁ ਮਹਲਾ ੩ ॥
ਸੁਣਿਅਹੁ ਕੰਤ ਮਹੇਲੀਹੋ ਪਿਰੁ ਸੇਵਿਹੁ ਸਬਦਿ ਵੀਚਾਰਿ ॥ ਅਵਗਣਵੰਤੀ ਪਿਰੁ ਨ ਜਾਣਈ ਮੁਠੀ ਰੋਵੈ ਕੰਤ ਵਿਸਾਰਿ ॥ ਰੋਵੈ ਕੰਤ ਸੰਮਾਲਿ ਸਦਾ ਗੁਣ ਸਾਰਿ ਨਾ ਪਿਰੁ ਮਰੈ ਨ ਜਾਏ ॥ ਗੁਰਮੁਖਿ ਜਾਤਾ ਸਬਦਿ ਪਛਾਤਾ ਸਾਚੈ ਪ੍ਰੇਮਿ ਸਮਾਏ ॥
ਹੇ ਪ੍ਰਭੂ ਪਤੀ ਦੀ ਜੀਵ ਇਸਤ੍ਰੀਓ ਸੁਣੋ ਤੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣਾਂ ਦਾ ਵਿਚਾਰ ਕਰ ਕੇ ਪ੍ਰਭੂ ਪਤੀ ਦੀ ਸੇਵਾ ਭਗਤੀ ਕਰਿਆ ਕਰੋ! ਔਗੁਣਾਂ ਨਾਲ ਭਰੀ ਹੋਈ ਜੀਵ ਇਸਤ੍ਰੀ ਪ੍ਰਭੂ ਪਤੀ ਨਾਲ ਡੂੰਘੀ ਸਾਂਝ ਨਹੀਂ ਪਾਂਦੀ ਤੇ ਪ੍ਰਭੂ ਪਤੀ ਨੂੰ ਭੁਲਾ ਕੇ ਉਹ ਆਤਮਕ ਜੀਵਨ ਲੁਟਾ ਬੈਠਦੀ ਹੈ ਤੇ ਦੁਖੀ ਹੁੰਦੀ ਹੈ। ਪਰ ਜੇਹੜੀ ਜੀਵ-ਇਸਤ੍ਰੀ ਪਤੀ ਨੂੰ ਹਿਰਦੇ ਵਿਚ ਵਸਾ ਕੇ ਪ੍ਰਭੂ ਦੇ ਗੁਣ ਸਦਾ ਚੇਤੇ ਕਰ ਕਰ ਕੇ ਅਰਜ਼ੋਈਆਂ ਕਰਦੀ ਰਹਿੰਦੀ ਹੈ, ਉਸ ਦਾ ਖਸਮ ਕਦੇ ਮਰਦਾ ਨਹੀਂ, ਉਸ ਨੂੰ ਕਦੇ ਛੱਡ ਕੇ ਨਹੀਂ ਜਾਂਦਾ। ਜਿਸ ਨੇ ਗੁਰੂ ਦੀ ਸਰਨ ਪੈ ਕੇ ਸ਼ਬਦ ਦੀ ਰਾਹੀਂ ਪ੍ਰਭੂ ਨਾਲ ਜਾਣ ਪਛਾਣ ਪਾ ਕਈ ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਪ੍ਰੇਮ ਵਿਚ ਲੀਨ ਰਹਿੰਦੀ ਹੈ।