338
ਰਾਮਕਲੀ ਮਹਲਾ ੫ ॥
ਰੈਣਿ ਦਿਨਸੁ ਜਪਉ ਹਰਿ ਨਾਉ ॥ ਆਗੈ ਦਰਗਹ ਪਾਵਉ ਥਾਉ ॥ ਸਦਾ ਅਨੰਦੁ ਨ ਹੋਵੀ ਸੋਗੁ ॥ ਕਬਹੂ ਨ ਬਿਆਪੈ ਹਉਮੈ ਰੋਗੁ ॥੧॥ ਖੋਜਹੁ ਸੰਤਹੁ ਹਰਿ ਬ੍ਰਹਮ ਗਿਆਨੀ ॥ ਬਿਸਮਨ ਬਿਸਮ ਭਏ ਬਿਸਮਾਦਾ ਪਰਮ ਗਤਿ ਪਾਵਹਿ ਹਰਿ ਸਿਮਰਿ ਪਰਾਨੀ ॥੧॥ ਰਹਾਉ ॥
(ਹੇ ਪ੍ਰਭੂ! ਕਿਰਪਾ ਕਰ) ਮੈਂ ਦਿਨ ਰਾਤ ਹਰਿ-ਨਾਮ ਜਪਦਾ ਰਹਾਂ, ਵਿਚ ਤੇਰੀ ਹਜ਼ੂਰੀ ਵਿਚ ਥਾਂ ਪ੍ਰਾਪਤ ਕਰ ਲਵਾਂ। (ਜਿਹੜਾ ਮਨੁੱਖ ਨਾਮ ਜਪਦਾ ਹੈ, ਉਸ ਨੂੰ) ਸਦਾ ਆਨੰਦ ਬਣਿਆ ਰਹਿੰਦਾ ਹੈ, ਕਦੇ ਉਸ ਨੂੰ ਚਿੰਤਾ ਨਹੀਂ ਵਾਪਰਦੀ; ਹਉਮੈ ਦਾ ਰੋਗ ਕਦੇ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ।1। ਪਰਮਾਤਮਾ ਨਾਲ ਡੂੰਘੀ ਸਾਂਝ ਰੱਖਣ ਵਾਲੇ ਹੇ ਸੰਤ ਜਨੋ! ਸਦਾ ਪਰਮਾਤਮਾ ਦੀ ਖੋਜ ਕਰਦੇ ਰਹੋ। ਹੇ ਪ੍ਰਾਣੀ! (ਸਦਾ) ਪਰਮਾਤਮਾ ਦਾ ਸਿਮਰਨ ਕਰਦਾ ਰਹੁ; ਬੜੀ ਹੀ ਹੈਰਾਨ ਕਰਨ ਵਾਲੀ ਅਸਚਰਜ ਆਤਮਕ ਅਵਸਥਾ ਬਣ ਜਾਇਗੀ, ਤੂੰ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਏਂਗਾ।1। ਰਹਾਉ।