501
ਧਨਾਸਰੀ ਮਹਲਾ ੪
ਕਲਿਜੁਗ ਕਾ ਧਰਮੁ ਕਹਹੁ ਤੁਮ ਭਾਈ ਕਿਵ ਛੂਟਹ ਹਮ ਛੁਟਕਾਕੀ ॥ ਹਰਿ ਹਰਿ ਜਪੁ ਬੇੜੀ ਹਰਿ ਤੁਲਹਾ ਹਰਿ ਜਪਿਓ ਤਰੈ ਤਰਾਕੀ ॥੧॥ ਹਰਿ ਜੀ ਲਾਜ ਰਖਹੁ ਹਰਿ ਜਨ ਕੀ ॥ ਹਰਿ ਹਰਿ ਜਪਨੁ ਜਪਾਵਹੁ ਅਪਨਾ ਹਮ ਮਾਗੀ ਭਗਤਿ ਇਕਾਕੀ ॥ ਰਹਾਉ ॥
ਹੇ ਭਾਈ! ਮੈਨੂੰ ਉਹ ਧਰਮ ਦੱਸ ਜਿਸ ਨਾਲ ਜਗਤ ਦੇ ਵਿਕਾਰਾਂ ਦੇ ਝੰਬੇਲਿਆਂ ਵਿਚੋਂ ਬਚਿਆ ਜਾ ਸਕੇ। ਮੈਂ ਇਹਨਾਂ ਝੰਬੇਲਿਆਂ ਤੋਂ ਬਚਣਾ ਚਾਹੁੰਦਾ ਹਾਂ। ਦੱਸ; ਮੈਂ ਕਿਵੇਂ ਬਚਾਂ? (ਉੱਤਰ—) ਪਰਮਾਤਮਾ ਦੇ ਨਾਮ ਦਾ ਜਾਪ ਬੇੜੀ ਹੈ, ਨਾਮ ਹੀ ਤੁਲਹਾ ਹੈ। ਜਿਸ ਮਨੁੱਖ ਨੇ ਹਰਿ-ਨਾਮ ਜਪਿਆ ਉਹ ਤਾਰੂ ਬਣ ਕੇ (ਸੰਸਾਰ ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ। ਹੇ ਪ੍ਰਭੂ ਜੀ! (ਦੁਨੀਆ ਦੇ ਵਿਕਾਰਾਂ ਦੇ ਝੰਬੇਲਿਆਂ ਵਿਚੋਂ) ਆਪਣੇ ਸੇਵਕ ਦੀ ਇੱਜ਼ਤ ਬਚਾ ਲੈ। ਹੇ ਹਰੀ! ਮੈਨੂੰ ਆਪਣਾ ਨਾਮ ਜਪਣ ਦੀ ਸਮਰਥਾ ਦੇਹ। ਮੈਂ (ਤੇਰੇ ਪਾਸੋਂ) ਸਿਰਫ਼ ਤੇਰੀ ਭਗਤੀ ਦਾ ਦਾਨ ਮੰਗ ਰਿਹਾ ਹਾਂ। ਰਹਾਉ।