458
ਗੂਜਰੀ ਕੀ ਵਾਰ ਮਹਲਾ ੩ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ ੴ ਸਤਿਗੁਰ ਪ੍ਰਸਾਦਿ ॥ ਸਲੋਕੁ ਮਃ ੩ ॥ ਇਹੁ ਜਗਤੁ ਮਮਤਾ ਮੁਆ ਜੀਵਣ ਕੀ ਬਿਧਿ ਨਾਹਿ ॥ ਗੁਰ ਕੈ ਭਾਣੈ ਜੋ ਚਲੈ ਤਾਂ ਜੀਵਣ ਪਦਵੀ ਪਾਹਿ ॥ ਓਇ ਸਦਾ ਸਦਾ ਜਨ ਜੀਵਤੇ ਜੋ ਹਰਿ ਚਰਣੀ ਚਿਤੁ ਲਾਹਿ ॥ ਨਾਨਕ ਨਦਰੀ ਮਨਿ ਵਸੈ ਗੁਰਮੁਖਿ ਸਹਜਿ ਸਮਾਹਿ ॥੧॥
ਇਹ ਜਗਤ ਅਣਪੱਤ (ਇਹ ਚੀਜ਼ ‘ਮੇਰੀ’ ਬਣ ਜਾਏ, ਇਹ ਚੀਜ਼ ‘ਮੇਰੀ’ ਹੋ ਜਾਏ) ਵਿਚ ਇਤਨਾ ਫਸਿਆ ਪਿਆ ਹੈ ਕਿ ਇਸ ਨੂੰ ਜੀਉਣ ਦੀ ਜਾਚ ਨਹੀਂ ਰਹੀ। ਜਿਹੜੇ ਮਨੁੱਖ ਸਤਿਗੁਰੂ ਦੇ ਕਹੇ ਤੇ ਤੁਰਦੇ ਹਨ ਉਹ ਜੀਵਨ-ਜੁਗਤਿ ਸਿੱਖ ਲੈਂਦੇ ਹਨ। ਜੋ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਚਿੱਤ ਜੋੜਦੇ ਹਨ, ਉਹ ਸਮਝੋ, ਸਦਾ ਹੀ ਜੀਉਂਦੇ ਹਨ। ਹੇ ਨਾਨਕ! ਗੁਰੂ ਦੇ ਸਨਮੁਖ ਹੋਇਆਂ ਮਿਹਰ ਦਾ ਮਾਲਕ ਪ੍ਰਭੂ ਮਨ ਵਿਚ ਆ ਵੱਸਦਾ ਹੈ ਤੇ ਗੁਰਮੁਖ ਉਸ ਅਵਸਥਾ ਵਿਚ ਜਾ ਅੱਪੜਦੇ ਹਨ ਜਿਥੇ ਪਦਾਰਥਾਂ ਵਲ ਮਨ ਡੋਲਦਾ ਨਹੀਂ ॥੧॥