636
ਸਲੋਕ ਮ: ੩ ॥
ਦਰਵੇਸੀ ਕੋ ਜਾਣਸੀ ਵਿਰਲਾ ਕੋ ਦਰਵੇਸੁ ॥ ਜੇ ਘਰਿ ਘਰਿ ਹੰਢੈ ਮੰਗਦਾ ਧਿਗੁ ਜੀਵਣੁ ਧਿਗੁ ਵੇਸੁ ॥ ਜੇ ਆਸਾ ਅੰਦੇਸਾ ਤਜਿ ਰਹੈ ਗੁਰਮੁਖਿ ਭਿਖਿਆ ਨਾਉ ॥ ਤਿਸ ਕੇ ਚਰਨ ਪਖਾਲੀਅਹਿ ਨਾਨਕ ਹਉ ਬਲਿਹਾਰੈ ਜਾਉ ॥੧॥
ਕੋਈ ਵਿਰਲਾ ਫ਼ਕੀਰ ਫ਼ਕੀਰੀ (ਦੇ ਆਦਰਸ਼) ਨੂੰ ਸਮਝਦਾ ਹੈ, (ਫ਼ਕੀਰ ਹੋ ਕੇ) ਜੇ ਘਰ ਘਰ ਮੰਗਦਾ ਫਿਰੇ, ਤਾਂ ਉਹਦੇ ਜੀਊਣ ਨੂੰ ਫਿਟਕਾਰ ਹੈ ਤੇ ਉਸ ਦੇ (ਫ਼ਕੀਰੀ) ਜਾਮੇ ਨੂੰ ਫਿਟਕਾਰ ਹੈ। ਜੇ (ਦਰਵੇਸ਼ ਹੋ ਕੇ) ਆਸਾ ਤੇ ਚਿੰਤਾ ਨੂੰ ਛੱਡ ਦੇਵੇ ਤੇ ਸਤਿਗੁਰੂ ਦੇ ਸਨਮੁਖ ਰਹਿ ਕੇ ਨਾਮ ਦੀ ਭਿਖਿਆ ਮੰਗੇ, ਤਾਂ, ਹੇ ਨਾਨਕ! ਮੈਂ ਉਸ ਤੋਂ ਸਦਕੇ ਹਾਂ, ਉਸ ਦੇ ਚਰਨ ਧੋਣੇ ਚਾਹੀਦੇ ਹਨ।੧।