457
ਧਨਾਸਰੀ ਮਹਲਾ ੧ ਘਰੁ ੨
ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥
ਗੁਰੁ ਸਾਗਰੁ ਰਤਨੀ ਭਰਪੂਰੇ ॥ ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ ॥ ਹਰਿ ਰਸੁ ਚੋਗ ਚੁਗਹਿ ਪ੍ਰਭ ਭਾਵੈ ॥ ਸਰਵਰ ਮਹਿ ਹੰਸੁ ਪ੍ਰਾਨਪਤਿ ਪਾਵੈ ॥੧॥
ਗੁਰੂ (ਮਾਨੋ) ਇਕ ਸਮੁੰਦਰ (ਹੈ ਜੋ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ) ਰਤਨਾਂ ਨਾਲ ਨਕਾਨਕ ਭਰਿਆ ਹੋਇਆ ਹੈ। ਗੁਰਮੁਖ ਸਿੱਖ (ਉਸ ਸਾਗਰ ਵਿਚੋਂ) ਆਤਮਕ ਜੀਵਨ ਦੇਣ ਵਾਲੀ ਖ਼ੁਰਾਕ (ਪ੍ਰਾਪਤ ਕਰਦੇ ਹਨ ਜਿਵੇਂ ਹੰਸ ਮੋਤੀ) ਚੁਗਦੇ ਹਨ, (ਤੇ ਗੁਰੂ ਤੋਂ) ਦੂਰ ਨਹੀਂ ਰਹਿੰਦੇ। ਪ੍ਰਭੂ ਦੀ ਮੇਹਰ ਅਨੁਸਾਰ ਸੰਤ-ਹੰਸ ਹਰਿ-ਨਾਮ ਰਸ (ਦੀ) ਚੋਗ ਚੁਗਦੇ ਹਨ। (ਗੁਰਸਿੱਖ) ਹੰਸ (ਗੁਰੂ-) ਸਰੋਵਰ ਵਿਚ (ਟਿਕਿਆ ਰਹਿੰਦਾ ਹੈ, ਤੇ) ਜਿੰਦ ਦੇ ਮਾਲਕ ਪ੍ਰਭੂ ਨੂੰ ਲੱਭ ਲੈਂਦਾ ਹੈ।੧।