359
ਵਡਹੰਸੁ ਮਹਲਾ ੩ ਛੰਤ
ੴ ਸਤਿਗੁਰ ਪ੍ਰਸਾਦਿ ॥
ਆਪਣੇ ਪਿਰ ਕੈ ਰੰਗਿ ਰਤੀ ਮੁਈਏ ਸੋਭਾਵੰਤੀ ਨਾਰੇ ॥ ਸਚੈ ਸਬਦਿ ਮਿਲਿ ਰਹੀ ਮੁਈਏ ਪਿਰੁ ਰਾਵੇ ਭਾਇ ਪਿਆਰੇ ॥ ਸਚੈ ਭਾਇ ਪਿਆਰੀ ਕੰਤਿ ਸਵਾਰੀ ਹਰਿ ਹਰਿ ਸਿਉ ਨੇਹੁ ਰਚਾਇਆ ॥ ਆਪੁ ਗਵਾਇਆ ਤਾ ਪਿਰੁ ਪਾਇਆ ਗੁਰ ਕੈ ਸਬਦਿ ਸਮਾਇਆ ॥
ਹੇ ਮਾਇਆ ਦੇ ਮੋਹ ਵਲੋਂ ਅਛੋਹ ਹੋ ਚੁਕੀ ਜੀਵ ਇਸਤ੍ਰੀਏ! ਤੂੰ ਸੋਭਾ ਵਾਲੀ ਹੋ ਗਈ ਹੈਂ, ਕਿਉਂਕਿ ਤੂੰ ਆਪਣੇ ਪਤੀ ਪ੍ਰਭੂ ਦੇ ਪ੍ਰੇਮ ਰੰਗ ਵਿਚ ਰੰਗੀ ਗਈ ਹੈਂ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਤੂੰ ਸਦਾ ਥਿਰ ਰਹਿਣ ਵਾਲੇ ਪ੍ਰਭੂ ਵਿਚ ਲੀਨ ਰਹਿੰਦੀ ਹੈਂ, ਤੈਨੂੰ ਤੇਰੇ ਇਸ ਪ੍ਰੇਮ ਪਿਆਰ ਦੇ ਕਾਰਨ ਪ੍ਰਭੂ ਪਤੀ ਆਪਣੇ ਚਰਨਾਂ ਵਿਚ ਜੋੜੀ ਰੱਖਦਾ ਹੈ। ਜੇਹੜੀ ਜੀਵ ਇਸਤ੍ਰੀ ਨੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਪਿਆਰ ਪਾਇਆ, ਨੇਹੁ ਪੈਦਾ ਕੀਤਾ, ਪ੍ਰਭੂ ਪਤੀ ਨੇ ਉਸ ਦਾ ਜੀਵਨ ਸੋਹਣਾ ਬਣਾ ਦਿੱਤਾ। ਜਦੋਂ ਜੀਵ ਇਸਤ੍ਰੀ ਨੇ ਆਪਾ ਭਾਵ ਦੂਰ ਕੀਤਾ, ਤਦੋਂ ਉਸ ਨੇ ਪ੍ਰਭੂ-ਪਤੀ ਨੂੰ ਲੱਭ ਲਿਆ ਤੇ ਗੁਰੂ ਦੇ ਸ਼ਬਦ ਨਾਲ ਲੀਨ ਹੋ ਗਈ।