599
ਵਡਹੰਸੁ ਮਹਲਾ ੩
ਮਹਲਾ ਤੀਜਾ ੴ ਸਤਿਗੁਰ ਪ੍ਰਸਾਦਿ
ਪ੍ਰਭੁ ਸਚੜਾ ਹਰਿ ਸਾਲਾਹੀਐ ਕਾਰਜੁ ਸਭੁ ਕਿਛੁ ਕਰਣੈ ਜੋਗੁ ॥ ਸਾ ਧਨ ਰੰਡ ਨ ਕਬਹੂ ਬੈਸਈ ਨਾ ਕਦੇ ਹੋਵੈ ਸੋਗੁ ॥ ਨਾ ਕਦੇ ਹੋਵੈ ਸੋਗੁ ਅਨਦਿਨੁ ਰਸਭੋਗ ਸਾ ਧਨ ਮਹਲਿ ਸਮਾਣੀ ॥ ਜਿਨਿ ਪ੍ਰਿਉ ਜਾਤਾ ਕਰਮ ਬਿਧਾਤਾ ਬੋਲੇ ਅੰਮ੍ਰਿਤ ਬਾਣੀ ॥
ਹੇ ਭਾਈ! ਸਦਾ ਕਾਇਮ ਰਹਿਣ ਵਾਲੇ ਹਰਿ ਪ੍ਰਭੂ ਦੀ ਸਿਫ਼ਤਿ ਸਾਲਾਹ ਕਰਨੀ ਚਾਹੀਦੀ ਹੈ, ਉਹ ਸਭ ਕੁਝ ਹਰੇਕ ਕੰਮ ਕਰਨ ਦੀ ਸਮਰਥਾ ਰੱਖਣ ਵਾਲਾ ਹੈ। ਹੇ ਭਾਈ! ਜਿਸ ਜੀਵ-ਇਸਤ੍ਰੀ ਨੇ ਸਿਰਜਣਹਾਰ ਪ੍ਰੀਤਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ, ਜੇਹੜੀ ਜੀਵ ਇਸਤ੍ਰੀ ਉਸ ਪ੍ਰਭੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਉਚਾਰਦੀ ਹੈ, ਉਹ ਜੀਵ-ਇਸਤ੍ਰੀ ਕਦੇ ਨਿ-ਖਸਮੀ ਨਹੀਂ ਹੁੰਦੀ, ਨਾਹ ਹੀ ਕਦੇ ਉਸ ਨੂੰ ਕੋਈ ਚਿੰਤਾ ਵਿਆਪਦੀ ਹੈ, ਉਸ ਨੂੰ ਕਦੇ ਕੋਈ ਗ਼ਮ ਨਹੀਂ ਵਿਆਪਦਾ, ਉਹ ਹਰ ਵੇਲੇ ਪਰਮਾਤਮਾ ਦਾ ਨਾਮ-ਰਸ ਮਾਣਦੀ ਹੈ, ਤੇ ਸਦਾ ਪ੍ਰਭੂ ਦੇ ਚਰਨਾਂ ਵਿਚ ਲੀਨ ਰਹਿੰਦੀ ਹੈ।