348
ਸੋਰਠਿ ਮਹਲਾ ੫ ॥
ਖੋਜਤ ਖੋਜਤ ਖੋਜਿ ਬੀਚਾਰਿਓ ਰਾਮ ਨਾਮੁ ਤਤੁ ਸਾਰਾ ॥ ਕਿਲਬਿਖ ਕਾਟੇ ਨਿਮਖ ਅਰਾਧਿਆ ਗੁਰਮੁਖਿ ਪਾਰਿ ਉਤਾਰਾ ॥੧॥ ਹਰਿ ਰਸੁ ਪੀਵਹੁ ਪੁਰਖ ਗਿਆਨੀ ॥ ਸੁਣਿ ਸੁਣਿ ਮਹਾ ਤ੍ਰਿਪਤਿ ਮਨੁ ਪਾਵੈ ਸਾਧੂ ਅੰਮ੍ਰਿਤ ਬਾਨੀ ॥ ਰਹਾਉ ॥
ਹੇ ਭਾਈ! ਬੜੀ ਲੰਮੀ ਖੋਜ ਕਰ ਕੇ ਅਸੀਂ ਇਸ ਵਿਚਾਰ ਤੇ ਪਹੁੰਚੇ ਹਾਂ ਕਿ ਪਰਮਾਤਮਾ ਦਾ ਨਾਮ (ਸਿਮਰਨਾ ਹੀ ਮਨੁੱਖਾ ਜੀਵਨ ਦੀ) ਸਭ ਤੋਂ ਉੱਚੀ ਅਸਲੀਅਤ ਹੈ। ਗੁਰੂ ਦੀ ਸਰਨ ਪੈ ਕੇ ਹਰਿ ਨਾਮ ਸਿਮਰਿਆਂ (ਇਹ ਨਾਮ) ਅੱਖ ਦੇ ਫੋਰ ਵਿਚ (ਸਾਰੇ) ਪਾਪ ਕੱਟ ਦੇਂਦਾ ਹੈ, ਤੇ, (ਸੰਸਾਰ ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ ॥੧॥ ਆਤਮਕ ਜੀਵਨ ਦੀ ਸੂਝ ਵਾਲੇ ਹੇ ਮਨੁੱਖ! (ਸਦਾ) ਪਰਮਾਤਮਾ ਦਾ ਨਾਮ ਰਸ ਪੀਆ ਕਰ। (ਹੇ ਭਾਈ!) ਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਰਾਹੀਂ (ਪਰਮਾਤਮਾ ਦਾ) ਨਾਮ ਮੁੜ ਮੁੜ ਸੁਣ ਕੇ (ਮਨੁੱਖ ਦਾ) ਮਨ ਸਭ ਤੋਂ ਉੱਚਾ ਸੰਤੋਖ ਹਾਸਲ ਕਰ ਲੈਂਦਾ ਹੈ ॥ ਰਹਾਉ ॥