343
ਵਡਹੰਸੁ ਮਹਲਾ ੪ ॥
ਹਰਿ ਕਿਰਪਾ ਹਰਿ ਕਿਰਪਾ ਕਰਿ ਸਤਿਗੁਰੁ ਮੇਲਿ ਸੁਖਦਾਤਾ ਰਾਮ ॥ ਹਮ ਪੂਛਹ ਹਮ ਪੂਛਹ ਸਤਿਗੁਰ ਪਾਸਿ ਹਰਿ ਬਾਤਾ ਰਾਮ ॥ਸਤਿਗੁਰ ਪਾਸਿ ਹਰਿ ਬਾਤ ਪੂਛਹ ਜਿਨਿ ਨਾਮੁ ਪਦਾਰਥੁ ਪਾਇਆ ॥ਪਾਇ ਲਗਹ ਨਿਤ ਕਰਹ ਬਿਨੰਤੀ ਗੁਰਿ ਸਤਿਗੁਰਿ ਪੰਥੁ ਬਤਾਇਆ ॥
ਹੇ ਹਰੀ! ਮੇਹਰ ਕਰ, ਮੈਨੂੰ ਆਤਮਕ ਆਨੰਦ ਦੇਣ ਵਾਲਾ ਗੁਰੂ ਮਿਲਾ, ਮੈਂ ਗੁਰੂ ਪਾਸੋਂ ਪਰਮਾਤਮਾ ਦੀ ਸਿਫ਼ਤਿ ਸਾਲਾਹ ਦੀਆਂ ਗੱਲਾਂ ਪੁੱਛਿਆ ਕਰਾਂਗਾ। ਜਿਸ ਗੁਰੂ ਨੇ ਪਰਮਾਤਮਾ ਦਾ ਅਮੋਲਕ ਨਾਮ-ਰਤਨ ਹਾਸਲ ਕੀਤਾ ਹੋਇਆ ਹੈ ਉਸ ਗੁਰੂ ਪਾਸੋਂ ਮੈਂ ਪਰਮਾਤਮਾ ਦੀ ਸਿਫ਼ਤਿ ਸਾਲਾਹ ਦੀਆਂ ਗੱਲਾਂ ਪੁੱਛਿਆ ਕਰਾਂਗਾ। ਜਿਸ ਗੁਰੂ ਨੇ (ਕੁਰਾਹੇ ਪਏ ਜਗਤ ਨੂੰ ਜੀਵਨ ਦਾ ਸਹੀ) ਰਸਤਾ ਦੱਸਿਆ ਹੈ, ਮੈਂ ਉਸ ਗੁਰੂ ਦੀ ਸਦਾ ਚਰਨੀਂ ਲੱਗਾਂਗਾ, ਮੈਂ ਉਸ ਗੁਰੂ ਅੱਗੇ ਬੇਨਤੀ ਕਰਾਂਗਾ (ਕਿ ਮੈਨੂੰ ਭੀ ਜੀਵਨ ਰਸਤਾ ਦੱਸ)।