492
ਸੋਰਠਿ ਮਹਲਾ ੫ ॥
ਪੁਤ੍ਰ ਕਲਤ੍ਰ ਲੋਕ ਗ੍ਰਿਹ ਬਨਿਤਾ ਮਾਇਆ ਸਨਬੰਧੇਹੀ ॥ ਅੰਤ ਕੀ ਬਾਰ ਕੋ ਖਰਾ ਨ ਹੋਸੀ ਸਭ ਮਿਥਿਆ ਅਸਨੇਹੀ ॥੧॥ ਰੇ ਨਰ ਕਾਹੇ ਪਪੋਰਹੁ ਦੇਹੀ ॥ ਊਡਿ ਜਾਇਗੋ ਧੂਮੁ ਬਾਦਰੋ ਇਕੁ ਭਾਜਹੁ ਰਾਮੁ ਸਨੇਹੀ ॥ ਰਹਾਉ ॥
ਹੇ ਭਾਈ! ਪ੍ਰਤ੍ਰ, ਇਸਤ੍ਰੀ, ਘਰ ਦੇ ਹੋਰ ਬੰਦੇ ਤੇ ਜ਼ਨਾਨੀਆਂ (ਸਾਰੇ) ਮਾਇਆ ਦੇ ਹੀ ਸਾਕ ਹਨ। ਅਖ਼ੀਰ ਵੇਲੇ (ਇਹਨਾਂ ਵਿਚੋਂ) ਕੋਈ ਭੀ ਤੇਰਾ ਮਦਦਗਾਰ ਨਹੀਂ ਬਣੇਗਾ, ਸਾਰੇ ਝੂਠਾ ਹੀ ਪਿਆਰ ਕਰਨ ਵਾਲੇ ਹਨ ॥੧॥ ਹੇ ਮਨੁੱਖ! (ਨਿਰਾ ਇਸ) ਸਰੀਰ ਨੂੰ ਹੀ ਕਿਉਂ ਲਾਡਾਂ ਨਾਲ ਪਾਲਦਾ ਰਹਿੰਦਾ ਹੈਂ? (ਜਿਵੇਂ) ਧੂਆਂ, (ਜਿਵੇਂ) ਬੱਦਲ (ਉੱਡ ਜਾਂਦਾ ਹੈ, ਤਿਵੇਂ ਇਹ ਸਰੀਰ) ਨਾਸ ਹੋ ਜਾਇਗਾ। ਸਿਰਫ਼ ਪਰਮਾਤਮਾ ਦਾ ਭਜਨ ਕਰਿਆ ਕਰ, ਉਹੀ ਅਸਲ ਪਿਆਰ ਕਰਨ ਵਾਲਾ ਹੈ ॥ ਰਹਾਉ॥