116
ਸੋਰਠਿ ਮਹਲਾ ੫ ॥
ਖੋਜਤ ਖੋਜਤ ਖੋਜਿ ਬੀਚਾਰਿਓ ਰਾਮ ਨਾਮੁ ਤਤੁ ਸਾਰਾ ॥ ਕਿਲਬਿਖ ਕਾਟੇ ਨਿਮਖ ਅਰਾਧਿਆ ਗੁਰਮੁਖਿ ਪਾਰਿ ਉਤਾਰਾ ॥੧॥ ਹਰਿ ਰਸੁ ਪੀਵਹੁ ਪੁਰਖ ਗਿਆਨੀ ॥ ਸੁਣਿ ਸੁਣਿ ਮਹਾ ਤ੍ਰਿਪਤਿ ਮਨੁ ਪਾਵੈ ਸਾਧੂ ਅੰਮ੍ਰਿਤ ਬਾਨੀ ॥ ਰਹਾਉ ॥ ਮੁਕਤਿ ਭੁਗਤਿ ਜੁਗਤਿ ਸਚੁ ਪਾਈਐ ਸਰਬ ਸੁਖਾ ਕਾ ਦਾਤਾ ॥ ਅਪੁਨੇ ਦਾਸ ਕਉ ਭਗਤਿ ਦਾਨੁ ਦੇਵੈ ਪੂਰਨ ਪੁਰਖੁ ਬਿਧਾਤਾ ॥੨॥ ਸ੍ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ ॥ ਕਰਣ ਕਾਰਣ ਸਮਰਥ ਸੁਆਮੀ ਜਾ ਤੇ ਬ੍ਰਿਥਾ ਨ ਕੋਈ ॥੩॥ ਵਡੈ ਭਾਗਿ ਰਤਨ ਜਨਮੁ ਪਾਇਆ ਕਰਹੁ ਕ੍ਰਿਪਾ ਕਿਰਪਾਲਾ ॥ ਸਾਧਸੰਗਿ ਨਾਨਕੁ ਗੁਣ ਗਾਵੈ ਸਿਮਰੈ ਸਦਾ ਗੋਪਾਲਾ ॥੪॥੧੦॥
ਪੰਜਾਬੀ ਵਿਆਖਿਆ:
ਹੇ ਭਾਈ! ਬੜੀ ਲੰਮੀ ਖੋਜ ਕਰ ਕੇ ਅਸੀਂ ਇਸ ਵਿਚਾਰ ਤੇ ਪਹੁੰਚੇ ਹਾਂ ਕਿ ਪਰਮਾਤਮਾ ਦਾ ਨਾਮ (-ਸਿਮਰਨਾ ਹੀ ਮਨੁੱਖਾ ਜੀਵਨ ਦੀ) ਸਭ ਤੋਂ ਉੱਚੀ ਅਸਲੀਅਤ ਹੈ। ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਸਿਮਰਿਆਂ (ਇਹ ਨਾਮ) ਅੱਖ ਦੇ ਫੋਰ ਵਿਚ (ਸਾਰੇ) ਪਾਪ ਕੱਟ ਦੇਂਦਾ ਹੈ, ਤੇ, (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ ॥੧॥ ਆਤਮਕ ਜੀਵਨ ਦੀ ਸੂਝ ਵਾਲੇ ਹੇ ਮਨੁੱਖ! (ਸਦਾ) ਪਰਮਾਤਮਾ ਦਾ ਨਾਮ-ਰਸ ਪੀਆ ਕਰ। (ਹੇ ਭਾਈ!) ਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਰਾਹੀਂ (ਪਰਮਾਤਮਾ ਦਾ) ਨਾਮ ਮੁੜ ਮੁੜ ਸੁਣ ਕੇ (ਮਨੁੱਖ ਦਾ) ਮਨ ਸਭ ਤੋਂ ਉੱਚਾ ਸੰਤੋਖ ਹਾਸਲ ਕਰ ਲੈਂਦਾ ਹੈ ॥ ਰਹਾਉ ॥ ਹੇ ਭਾਈ! ਸਾਰੇ ਸੁਖਾਂ ਦਾ ਦੇਣ ਵਾਲਾ, ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਜੇ ਮਿਲ ਪਏ, ਤਾਂ ਇਹੀ ਹੈ ਵਿਕਾਰਾਂ ਤੋਂ ਖ਼ਲਾਸੀ (ਦਾ ਮੂਲ), ਇਹੀ ਹੈ (ਆਤਮਾ ਦੀ) ਖ਼ੁਰਾਕ, ਇਹੀ ਹੈ ਜੀਊਣ ਦਾ ਸੁਚੱਜਾ ਢੰਗ। ਉਹ ਸਰਬ-ਵਿਆਪਕ ਸਿਰਜਣਹਾਰ ਪ੍ਰਭੂ ਭਗਤੀ ਦਾ (ਇਹ) ਦਾਨ ਆਪਣੇ ਸੇਵਕ ਨੂੰ (ਹੀ) ਬਖ਼ਸ਼ਦਾ ਹੈ ॥੨॥ ਹੇ ਭਾਈ! ਉਸ (ਪ੍ਰਭੂ ਦੇ) ਹੀ (ਨਾਮ) ਨੂੰ ਕੰਨਾਂ ਨਾਲ ਸੁਣਨਾ ਚਾਹੀਦਾ ਹੈ, ਜੀਭ ਨਾਲ ਗਾਣਾ ਚਾਹੀਦਾ ਹੈ, ਹਿਰਦੇ ਵਿਚ ਆਰਾਧਣਾ ਚਾਹੀਦਾ ਹੈ, ਜਿਸ ਜਗਤ ਦੇ ਮੂਲ ਸਭ ਤਾਕਤਾਂ ਦੇ ਮਾਲਕ ਦੇ ਦਰ ਤੋਂ ਕੋਈ ਜੀਵ ਖ਼ਾਲੀ-ਹੱਥ ਨਹੀਂ ਜਾਂਦਾ ॥੩॥ ਹੇ ਕਿਰਪਾਲ! ਵੱਡੀ ਕਿਸਮਤ ਨਾਲ ਇਹ ਸ੍ਰੇਸ਼ਟ ਮਨੁੱਖਾ ਜਨਮ ਲੱਭਾ ਹੈ (ਹੁਣ) ਮੇਹਰ ਕਰ, ਗੋਪਾਲ ਜੀ! (ਤੇਰਾ ਸੇਵਕ) ਨਾਨਕ ਸਾਧ ਸੰਗਤਿ ਵਿਚ ਰਹਿ ਕੇ ਤੇਰੇ ਗੁਣ ਗਾਂਦਾ ਰਹੇ, ਤੇਰਾ ਨਾਮ ਸਦਾ ਸਿਮਰਦਾ ਰਹੇ ॥੪॥੧੦॥
English Translation:
I have searched and searched and searched, and found that the Lord’s Name is the most sublime reality. Contemplating it for even an instant, sins are erased; the Gurmukh is carried across and saved. ||1|| Drink in the sublime essence of the Lord’s Name, O man of spiritual wisdom. Listening to the Ambrosial Words of the Holy Saints, the mind finds absolute fulfillment and satisfaction. || Pause || Liberation, pleasures, and the true way of life are obtained from the Lord, the Giver of all peace. The Perfect Lord, the Architect of Destiny, blesses His slave with the gift of devotional worship. ||2|| Hear with your ears, and sing with your tongue, and meditate within your heart on Him. The Lord and Master is all-powerful, the Cause of causes; without Him, there is nothing at all. ||3|| By great good fortune, I have obtained the jewel of human life; have mercy on me, O Merciful Lord. In the Saadh Sangat, the Company of the Holy, Nanak sings the Glorious Praises of the Lord, and contemplates Him forever in meditation. ||4||10||
ਅੰਗ: 611 | 23-04-2024