467
ਸੋਰਠਿ ਮਹਲਾ ੫ ॥
ਮੇਰਾ ਸਤਿਗੁਰੁ ਰਖਵਾਲਾ ਹੋਆ ॥ ਧਾਰਿ ਕ੍ਰਿਪਾ ਪ੍ਰਭ ਹਾਥ ਦੇ ਰਾਖਿਆ ਹਰਿ ਗੋਵਿਦੁ ਨਵਾ ਨਿਰੋਆ ॥੧॥ ਰਹਾਉ ॥ ਤਾਪੁ ਗਇਆ ਪ੍ਰਭਿ ਆਪਿ ਮਿਟਾਇਆ ਜਨ ਕੀ ਲਾਜ ਰਖਾਈ ॥ ਸਾਧਸੰਗਤਿ ਤੇ ਸਭ ਫਲ ਪਾਏ ਸਤਿਗੁਰ ਕੈ ਬਲਿ ਜਾਂਈ ॥੧॥
ਹੇ ਭਾਈ! ਮੇਰਾ ਗੁਰੂ (ਮੇਰਾ) ਸਹਾਈ ਬਣਿਆ ਹੈ, (ਗੁਰੂ ਦੀ ਸ਼ਰਨ ਦੀ ਬਰਕਤਿ ਨਾਲ) ਪ੍ਰਭੂ ਨੇ ਕਿਰਪਾ ਕਰ ਕੇ (ਆਪਣੇ) ਹੱਥ ਦੇ ਕੇ (ਬਾਲਕ ਹਰਿ ਗੋਬਿੰਦ ਨੂੰ) ਬਚਾ ਲਿਆ ਹੈ, (ਹੁਣ ਬਾਲਕ) ਹਰਿ ਗੋਬਿੰਦ ਬਿਲਕੁਲ ਰਾਜ਼ੀ ਬਾਜ਼ੀ ਹੋ ਗਿਆ ਹੈ ॥੧॥ ਰਹਾਉ॥ (ਹੇ ਭਾਈ! ਬਾਲਕ ਹਰਿ ਗੋਬਿੰਦ ਦਾ) ਤਾਪ ਲਹਿ ਗਿਆ ਹੈ, ਪ੍ਰਭੂ ਨੇ ਆਪ ਉਤਾਰਿਆ ਹੈ, ਪ੍ਰਭੂ ਨੇ ਆਪਣੇ ਸੇਵਕ ਦੀ ਇੱਜ਼ਤ ਰੱਖ ਲਈ ਹੈ। ਹੇ ਭਾਈ! ਗੁਰੂ ਦੀ ਸੰਗਤ ਤੋਂ (ਮੈਂ) ਸਾਰੇ ਫਲ ਪ੍ਰਾਪਤ ਕੀਤੇ ਹਨ, ਮੈਂ (ਸਦਾ) ਗੁਰੂ ਤੋਂ (ਹੀ) ਕੁਰਬਾਨ ਜਾਂਦਾ ਹਾਂ ॥੧॥