369
ਸਲੋਕੁ ਮ: ੧ ॥
ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ ॥ ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ ॥ ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ॥ ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥
ਜੇ ਸੂਤਕ ਨੂੰ ਮੰਨ ਲਈਏ (ਭਾਵ, ਜੇ ਮੰਨ ਲਈਏ ਕਿ ਸੂਤਕ ਦਾ ਭਰਮ ਰੱਖਣਾ ਚਾਹੀਦਾ ਹੈ, ਤਾਂ ਇਹ ਭੀ ਚੇਤਾ ਰੱਖੋ ਕਿ ਇਸ ਤਰ੍ਹਾਂ) ਸੂਤਕ ਸਭ ਥਾਈਂ ਹੁੰਦਾ ਹੈ; ਗੋਹੇ ਤੇ ਲਕੜੀ ਦੇ ਅੰਦਰ ਭੀ ਕੀੜੇ ਹੁੰਦੇ ਹਨ (ਭਾਵ, ਜੰਮਦੇ ਰਹਿੰਦੇ ਹਨ); ਅੰਨ ਦੇ ਜਿਤਨੇ ਭੀ ਦਾਣੇ ਹਨ, ਇਹਨਾਂ ਵਿਚੋਂ ਕੋਈ ਦਾਣਾ ਭੀ ਜੀਵ ਤੋਂ ਬਿਨਾ ਨਹੀਂ ਹੈ। ਪਾਣੀ ਆਪ ਭੀ ਜੀਵ ਹੈ, ਕਿਉਂਕਿ ਇਸ ਨਾਲ ਹਰੇਕ ਜੀਵ ਹਰਾ (ਭਾਵ, ਜਿੰਦ ਵਾਲਾ) ਹੁੰਦਾ ਹੈ।