299
ਬਿਲਾਵਲੁ ਮਹਲਾ ੫ ॥
ਪ੍ਰਭ ਜਨਮ ਮਰਨ ਨਿਵਾਰਿ ॥ ਹਾਰਿ ਪਰਿਓ ਦੁਆਰਿ ॥ ਗਹਿ ਚਰਨ ਸਾਧੂ ਸੰਗ ॥ ਮਨ ਮਿਸਟ ਹਰਿ ਹਰਿ ਰੰਗ ॥ ਕਰਿ ਦਇਆ ਲੇਹੁ ਲੜਿ ਲਾਇ ॥ ਨਾਨਕਾ ਨਾਮੁ ਧਿਆਇ ॥੧॥ ਦੀਨਾ ਨਾਥ ਦਇਆਲ ਮੇਰੇ ਸੁਆਮੀ ਦੀਨਾ ਨਾਥ ਦਇਆਲ ॥ ਜਾਚਉ ਸੰਤ ਰਵਾਲ ॥੧॥ ਰਹਾਉ ॥
(ਹੇ ਭਾਈ! ਬੇਨਤੀ ਕਰਿਆ ਕਰ) ਹੇ ਪ੍ਰਭੂ! (ਮੇਰਾ) ਜਨਮ ਮਰਨ (ਦਾ ਗੇੜ) ਮੁਕਾ ਦੇਹ। ਮੈਂ (ਹੋਰ ਪਾਸਿਆਂ ਵਲੋਂ) ਆਸ ਲਾਹ ਕੇ ਤੇਰੇ ਦਰ ਤੇ ਆ ਡਿੱਗਾ ਹਾਂ। (ਮਿਹਰ ਕਰ) ਤੇਰੇ ਸੰਤ ਜਨਾਂ ਦੇ ਚਰਨ ਫੜ ਕੇ (ਤੇਰੇ ਸੰਤ ਜਨਾਂ ਦਾ) ਪੱਲਾ ਫੜ ਕੇ, ਮੇਰੇ ਮਨ ਨੂੰ, ਹੇ ਹਰੀ! ਤੇਰਾ ਪਿਆਰ ਮਿੱਠਾ ਲੱਗਦਾ ਰਹੇ। ਮਿਹਰ ਕਰ ਕੇ ਮੈਨੂੰ ਆਪਣੇ ਲੜ ਨਾਲ ਲਾ ਲੈ। ਗੁਰੂ ਨਾਨਕ ਜੀ ਕਹਿੰਦੇ ਹਨ, ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਿਆ ਕਰ ॥੧॥ ਹੇ ਗ਼ਰੀਬਾਂ ਦੇ ਖਸਮ! ਹੇ ਦਇਆ ਦੇ ਸੋਮੇ! ਹੇ ਮੇਰੇ ਸੁਆਮੀ! ਹੇ ਦੀਨਾ ਨਾਥ! ਹੇ ਦਇਆਲ! ਮੈਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ॥੧॥ ਰਹਾਉ॥