361
ਸੋਰਠਿ ਮਹਲਾ ੩ ॥
ਭਗਤਿ ਖਜਾਨਾ ਭਗਤਨ ਕਉ ਦੀਆ ਨਾਉ ਹਰਿ ਧਨੁ ਸਚੁ ਸੋਇ ॥ ਅਖੁਟੁ ਨਾਮ ਧਨੁ ਕਦੇ ਨਿਖੁਟੈ ਨਾਹੀ ਕਿਨੈ ਨ ਕੀਮਤਿ ਹੋਇ ॥ ਨਾਮ ਧਨਿ ਮੁਖ ਉਜਲੇ ਹੋਏ ਹਰਿ ਪਾਇਆ ਸਚੁ ਸੋਇ ॥੧॥
(ਗੁਰੂ) ਭਗਤ ਜਨਾਂ ਨੂੰ ਪਰਮਾਤਮਾ ਦੀ ਭਗਤੀ ਦਾ ਖ਼ਜ਼ਾਨਾ ਦੇਂਦਾ ਹੈ, ਪਰਮਾਤਮਾ ਦਾ ਨਾਮ ਐਸਾ ਧਨ ਹੈ ਜੋ ਸਦਾ ਕਾਇਮ ਰਹਿੰਦਾ ਹੈ। ਹਰਿ ਨਾਮ ਧਨ ਕਦੇ ਮੁੱਕਣ ਵਾਲਾ ਨਹੀਂ, ਇਹ ਧਨ ਕਦੇ ਨਹੀਂ ਮੁੱਕਦਾ, ਕਿਸੇ ਪਾਸੋਂ ਇਸ ਦਾ ਮੁੱਲ ਭੀ ਨਹੀਂ ਪਾਇਆ ਜਾ ਸਕਦਾ (ਭਾਵ, ਕੋਈ ਮਨੁੱਖ ਇਸ ਧਨ ਨੂੰ ਦੁਨਿਆਵੀ ਪਦਾਰਥਾਂ ਨਾਲ ਖ਼ਰੀਦ ਭੀ ਨਹੀਂ ਸਕਦਾ)। ਜਿਨ੍ਹਾਂ ਨੇ ਇਹ ਸਦਾ ਥਿਰ ਹਰਿ ਧਨ ਪ੍ਰਾਪਤ ਕਰ ਲਿਆ, ਉਹਨਾਂ ਨੂੰ ਇਸ ਨਾਮ ਧਨ ਦੀ ਬਰਕਤਿ ਨਾਲ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ ॥੧॥