493
ਟੋਡੀ ਮਹਲਾ ੫ ॥
ਸਤਿਗੁਰ ਆਇਓ ਸਰਣਿ ਤੁਹਾਰੀ ॥ ਮਿਲੈ ਸੂਖੁ ਨਾਮੁ ਹਰਿ ਸੋਭਾ ਚਿੰਤਾ ਲਾਹਿ ਹਮਾਰੀ ॥੧॥ ਰਹਾਉ ॥ ਅਵਰ ਨ ਸੂਝੈ ਦੂਜੀ ਠਾਹਰ ਹਾਰਿ ਪਰਿਓ ਤਉ ਦੁਆਰੀ ॥ ਲੇਖਾ ਛੋਡਿ ਅਲੇਖੈ ਛੂਟਹ ਹਮ ਨਿਰਗੁਨ ਲੇਹੁ ਉਬਾਰੀ ॥੧॥
ਹੇ ਗੁਰੂ! ਮੈਂ ਤੇਰੀ ਸਰਨ ਆਇਆ ਹਾਂ। ਮੇਰੀ ਚਿੰਤਾ ਦੂਰ ਕਰ (ਮੇਹਰ ਕਰ, ਤੇਰੇ ਦਰ ਤੋਂ ਮੈਨੂੰ) ਪਰਮਾਤਮਾ ਦਾ ਨਾਮ ਮਿਲ ਜਾਏ, (ਇਹੀ ਮੇਰੇ ਵਾਸਤੇ) ਸੁਖ (ਹੈ, ਇਹੀ ਮੇਰੇ ਵਾਸਤੇ) ਸੋਭਾ (ਹੈ)।੧।ਰਹਾਉ। ਹੇ ਪ੍ਰਭੂ! (ਮੈਂ ਹੋਰ ਆਸਰਿਆਂ ਵਲੋਂ) ਹਾਰ ਕੇ ਤੇਰੇ ਦਰ ਤੇ ਆ ਪਿਆ ਹਾਂ, ਹੁਣ ਮੈਨੂੰ ਕੋਈ ਹੋਰ ਆਸਰਾ ਸੁੱਝਦਾ ਨਹੀਂ। ਹੇ ਪ੍ਰਭੂ ਅਸਾਂ ਜੀਵਾਂ ਦੇ ਕਰਮਾਂ ਦਾ ਲੇਖਾ ਨਾਹ ਕਰ, ਅਸੀਂ ਤਦੋਂ ਹੀ ਸੁਰਖ਼ਰੂ ਹੋ ਸਕਦੇ ਹਾਂ, ਜੇ ਸਾਡੇ ਕਰਮਾਂ ਦਾ ਲੇਖਾ ਨਾਹ ਹੀ ਕੀਤਾ ਜਾਏ। ਹੇ ਪ੍ਰਭੂ! ਸਾਨੂੰ ਗੁਣਹੀਨ ਜੀਵਾਂ ਨੂੰ (ਵਿਕਾਰਾਂ ਤੋਂ ਤੂੰ ਆਪ) ਬਚਾ ਲੈ।