407
ਜੈਤਸਰੀ ਮਹਲਾ ੫ ਘਰੁ ੩ ਦੁਪਦੇ
ੴ ਸਤਿਗੁਰ ਪ੍ਰਸਾਦਿ ॥
ਦੇਹੁ ਸੰਦੇਸਰੋ ਕਹੀਅਉ ਪ੍ਰਿਅ ਕਹੀਅਉ ॥ ਬਿਸਮੁ ਭਈ ਮੈ ਬਹੁ ਬਿਧਿ ਸੁਨਤੇ ਕਹਹੁ ਸੁਹਾਗਨਿ ਸਹੀਅਉ ॥੧॥ ਰਹਾਉ ॥ ਕੋ ਕਹਤੋ ਸਭ ਬਾਹਰਿ ਬਾਹਰਿ ਕੋ ਕਹਤੋ ਸਭ ਮਹੀਅਉ ॥ ਬਰਨੁ ਨ ਦੀਸੈ ਚਿਹਨੁ ਨ ਲਖੀਐ ਸੁਹਾਗਨਿ ਸਾਤਿ ਬੁਝਹੀਅਉ ॥੧॥
(ਹੇ ਗੁਰ-ਸਿੱਖੋ!) ਮੈਨੂੰ ਪਿਆਰੇ ਪ੍ਰਭੂ ਦਾ ਮਿੱਠਾ ਜਿਹਾ ਸਨੇਹਾ ਦਿਹੋ, ਮੈਂ (ਉਸ ਪਿਆਰੇ ਦੀ ਬਾਬਤ) ਕਈ ਕਿਸਮਾਂ (ਦੀਆਂ ਗੱਲਾਂ) ਸੁਣ ਸੁਣ ਕੇ ਹੈਰਾਨ ਹੋ ਰਹੀ ਹਾਂ। ਹੇ ਸੁਹਾਗਵਤੀ ਸਹੇਲੀਹੋ! (ਤੁਸੀਂ) ਦੱਸੋ (ਉਹ ਕਿਹੋ ਜਿਹਾ ਹੈ ?) ॥੧॥ ਰਹਾਉ ॥ ਕੋਈ ਆਖਦਾ ਹੈ, ਉਹ ਸਭਨਾਂ ਤੋਂ ਬਾਹਰ ਹੀ ਵੱਸਦਾ ਹੈ, ਕੋਈ ਆਖਦਾ ਹੈ, ਉਹ ਸਭਨਾਂ ਦੇ ਵਿੱਚ ਵੱਸਦਾ ਹੈ। ਉਸ ਦਾ ਰੰਗ ਨਹੀਂ ਦਿੱਸਦਾ, ਉਸ ਦਾ ਕੋਈ ਲੱਛਣ ਨਜ਼ਰ ਨਹੀਂ ਆਉਂਦਾ। ਹੇ ਸੁਗਾਗਣੋ! ਤੁਸੀ ਮੈਨੂੰ ਸੱਚੀ ਗੱਲ ਸਮਝਾਓ ॥