315
ਰਾਗੁ ਧਨਾਸਿਰੀ ਮਹਲਾ ੩ ਘਰੁ ੪
ੴ ਸਤਿਗੁਰ ਪ੍ਰਸਾਦਿ ॥
ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ॥ ਹੋਹੁ ਦੈਆਲ ਨਾਮੁ ਦੇਹੁ ਮੰਗਤ ਜਨ ਕੰਉ ਸਦਾ ਰਹਉ ਰੰਗਿ ਰਾਤਾ ॥੧॥ ਹੰਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟਹੁ ॥ ਕਰਣ ਕਾਰਣ ਸਭਨਾ ਕਾ ਏਕੋ ਅਵਰੁ ਨ ਦੂਜਾ ਕੋਈ ॥੧॥ ਰਹਾਉ ॥
ਹੇ ਪ੍ਰਭੂ! ਅਸੀਂ ਜੀਵ ਤੇਰੇ (ਦਰ ਦੇ) ਮੰਗਤੇ ਹਾਂ, ਤੂੰ ਸੁਤੰਤਰ ਰਹਿ ਕੇ ਸਭ ਨੂੰ ਦਾਤਾਂ ਦੇਣ ਵਾਲਾ ਹੈਂ। ਹੇ ਪ੍ਰਭੂ! ਮੇਰੇ ਉਤੇ ਦਇਆਵਾਨ ਹੋ। ਮੈਨੂੰ ਮੰਗਤੇ ਨੂੰ ਆਪਣਾ ਨਾਮ ਦੇਹ (ਤਾ ਕਿ) ਮੈਂ ਸਦਾ ਤੇਰੇ ਪ੍ਰੇਮ-ਰੰਗ ਵਿਚ ਰੰਗਿਆ ਰਹਾਂ ॥੧॥ ਹੇ ਪ੍ਰਭੂ! ਮੈਂ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਤੋਂ ਸਦਕੇ ਜਾਂਦਾ ਹਾਂ। ਤੂੰ ਸਾਰੇ ਜਗਤ ਦਾ ਮੂਲ ਹੈਂ; ਤੂੰ ਹੀ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈਂ ਕੋਈ ਹੋਰ (ਤੇਰੇ ਵਰਗਾ) ਨਹੀਂ ਹੈ ॥੧॥ ਰਹਾਉ ॥