408
ਸੋਰਠਿ ਮਹਲਾ ੧ ॥
ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ ਪਾਹੀ ਜੀਉ ॥ ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ ॥੧॥ ਮਨ ਰੇ ਥਿਰੁ ਰਹੁ ਮਤੁ ਕਤ ਜਾਹੀ ਜੀਉ ॥ ਬਾਹਰਿ ਢੂਢਤ ਬਹੁਤੁ ਦੁਖੁ ਪਾਵਹਿ ਘਰਿ ਅੰਮ੍ਰਿਤੁ ਘਟ ਮਾਹੀ ਜੀਉ ॥ ਰਹਾਉ ॥
(ਹੇ ਭਾਈ!) ਜਿਸ ਅੰਮ੍ਰਿਤ ਦੇ ਖ਼ਜ਼ਾਨੇ ਦੀ ਖ਼ਾਤਰ ਤੁਸੀ ਜਗਤ ਵਿਚ ਆਏ ਹੋ ਉਹ ਅੰਮ੍ਰਿਤ ਗੁਰੂ ਪਾਸੋਂ ਮਿਲਦਾ ਹੈ; ਪਰ ਧਾਰਮਿਕ ਭੇਖ ਦਾ ਪਹਿਰਾਵਾ ਛੱਡੋ, ਮਨ ਦੀ ਚਲਾਕੀ ਭੀ ਛੱਡੋ ਇਸ ਦੋ-ਰੁਖ਼ੀ ਚਾਲ ਵਿਚ ਪਿਆਂ ਇਹ ਅੰਮ੍ਰਿਤ-ਫਲ ਨਹੀਂ ਮਿਲ ਸਕਦਾ।੧। ਹੇ ਮੇਰੇ ਮਨ! ਅੰਦਰ ਹੀ ਪ੍ਰਭੂ-ਚਰਨਾਂ ਵਿਚ) ਟਿਕਿਆ ਰਹੁ, ਕਿਤੇ ਬਾਹਰ ਨਾਹ ਭਟਕਦਾ ਫਿਰੀਂ। ਜੇ ਤੂੰ ਬਾਹਰ ਢੂੰਢਣ ਤੁਰ ਪਿਆ, ਤਾਂ ਬਹੁਤ ਦੁੱਖ ਪਾਏਂਗਾ। ਅਟੱਲ ਆਤਮਕ ਜੀਵਨ ਦੇਣ ਵਾਲਾ ਰਸ ਤੇਰੇ ਘਰ ਵਿਚ ਹੀ ਹੈ, ਹਿਰਦੇ ਵਿਚ ਹੀ ਹੈ।ਰਹਾਉ।