148
ਗੂਜਰੀ ਅਸਟਪਦੀਆ ਮਹਲਾ ੧ ਘਰੁ ੧
ੴ ਸਤਿਗੁਰ ਪ੍ਰਸਾਦਿ ॥
ਏਕ ਨਗਰੀ ਪੰਚ ਚੋਰ ਬਸੀਅਲੇ ਬਰਜਤ ਚੋਰੀ ਧਾਵੈ ॥ ਤ੍ਰਿਹਦਸ ਮਾਲ ਰਖੈ ਜੋ ਨਾਨਕ ਮੋਖ ਮੁਕਤਿ ਸੋ ਪਾਵੈ ॥੧॥ ਚੇਤਹੁ ਬਾਸੁਦੇਉ ਬਨਵਾਲੀ ॥ ਰਾਮੁ ਰਿਦੈ ਜਪਮਾਲੀ ॥੧॥ ਰਹਾਉ ॥
ਇਸ ਇਕੋ ਹੀ (ਸਰੀਰ) ਨਗਰ ਵਿਚ (ਕਾਮਾਦਿਕ) ਪੰਜ ਚੋਰ ਵੱਸੇ ਹੋਏ ਹਨ, ਵਰਜਦਿਆਂ ਭੀ (ਇਹਨਾਂ ਵਿਚੋਂ ਹਰੇਕ ਇਸ ਨਗਰ ਵਿਚਲੇ ਆਤਮਕ ਗੁਣਾਂ ਨੂੰ) ਚੁਰਾਣ ਲਈ ਉੱਠ ਦੌੜਦਾ ਹੈ। (ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾ ਕੇ) ਜੇਹੜਾ ਮਨੁੱਖ (ਇਹਨਾਂ ਪੰਜਾਂ ਤੋਂ) ਮਾਇਆ ਦੇ ਤਿੰਨ ਗੁਣਾਂ ਤੋਂ ਅਤੇ ਦਸ ਇੰਦ੍ਰਿਆਂ ਤੋਂ (ਆਪਣਾ ਆਤਮਕ ਗੁਣਾਂ ਦਾ) ਸਰਮਾਇਆ ਬਚਾ ਰੱਖਦਾ ਹੈ, ਹੇ ਨਾਨਕ! ਉਹ (ਇਹਨਾਂ ਤੋਂ) ਸਦਾ ਲਈ ਖ਼ਲਾਸੀ ਪ੍ਰਾਪਤ ਕਰ ਲੈਂਦਾ ਹੈ।੧। ਹੇ ਭਾਈ। ਸਰਬ ਵਿਆਪਕ ਜਗਤ ਮਾਲਕ ਪਰਮਾਤਮਾ ਨੂੰ ਸਦਾ ਚੇਤੇ ਰੱਖੋ। ਪ੍ਰਭੂ ਨੂੰ ਆਪਣੇ ਹਿਰਦੇ ਵਿਚ ਟਿਕਾਓ (ਇਸ ਨੂੰ ਆਪਣੀ) ਮਾਲਾ (ਬਣਾਉ)।੧।ਰਹਾਉ।