314
ਸੂਹੀ ਮਹਲਾ ੩ ॥
ਕਾਇਆ ਕਾਮਣਿ ਅਤਿ ਸੁਆਲ੍ਹ੍ਹਿਉ ਪਿਰੁ ਵਸੈ ਜਿਸੁ ਨਾਲੇ ॥ ਪਿਰ ਸਚੇ ਤੇ ਸਦਾ ਸੁਹਾਗਣਿ ਗੁਰ ਕਾ ਸਬਦੁ ਸਮ੍ਹ੍ਹਾਲੇ ॥ ਹਰਿ ਕੀ ਭਗਤਿ ਸਦਾ ਰੰਗਿ ਰਾਤਾ ਹਉਮੈ ਵਿਚਹੁ ਜਾਲੇ ॥੧ ॥
ਹੇ ਭਾਈ! (ਗੁਰੂ ਦੀ ਬਾਣੀ ਦੀ ਬਰਕਤਿ ਨਾਲ) ਜਿਸ ਕਾਂਇਆਂ ਵਿਚ ਪ੍ਰਭੂ-ਪਤੀ ਆ ਵੱਸਦਾ ਹੈ, ਉਹ ਕਾਂਇਆਂ ਇਸਤ੍ਰੀ ਬਹੁਤ ਸੁੰਦਰ ਬਣ ਜਾਂਦੀ ਹੈ। ਜੇਹੜੀ ਜੀਵ ਇਸਤ੍ਰੀ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿਚ ਵਸਾਂਦੀ ਹੈ, ਸਦਾ ਥਿਰ ਪ੍ਰਭੂ ਪਤੀ ਦੇ ਮਿਲਾਪ ਦੇ ਕਾਰਨ ਉਹ ਸਦਾ ਲਈ ਸੁਹਾਗ ਭਾਗ ਵਾਲੀ ਬਣ ਜਾਂਦੀ ਹੈ। ਹੇ ਭਾਈ! (ਬਾਣੀ ਦੀ ਬਰਕਤਿ ਨਾਲ ਜੇਹੜਾ ਮਨੁੱਖ) ਆਪਣੇ ਅੰਦਰੋਂ ਹਉਮੈ ਸਾੜ ਲੈਂਦਾ ਹੈ, ਉਹ ਸਦਾ ਵਾਸਤੇ ਪਰਮਾਤਮਾ ਦੀ ਭਗਤੀ ਦੇ ਰੰਗ ਵਿਚ ਰੰਗਿਆ ਜਾਂਦਾ ਹੈ।੧।