705
ਸਲੋਕ ਮਃ ੧ ॥ ਵੇਲਿ ਪਿੰਞਾਇਆ ਕਤਿ ਵੁਣਾਇਆ ॥ ਕਟਿ ਕੁਟਿ ਕਰਿ ਖੁੰਬਿ ਚੜਾਇਆ ॥ ਲੋਹਾ ਵਢੇ ਦਰਜੀ ਪਾੜੇ ਸੂਈ ਧਾਗਾ ਸੀਵੈ ॥ ਇਉ ਪਤਿ ਪਾਟੀ ਸਿਫਤੀ ਸੀਪੈ ਨਾਨਕ ਜੀਵਤ ਜੀਵੈ ॥
(ਰੂੰ ਵੇਲਣੇ ਵਿਚ) ਵੇਲ ਕੇ ਪਿੰਞਾਈਦਾ ਹੈ, ਕੱਤ ਕੇ (ਕੱਪੜਾ) ਉਣਾਈਦਾ ਹੈ, ਇਸ ਦੇ ਟੋਟੇ ਕਰ ਕੇ (ਧੁਆਣ ਲਈ) ਖੁੰਬ ਤੇ ਚੜ੍ਹਾਈਦਾ ਹੈ। (ਇਸ ਕੱਪੜੇ ਨੂੰ) ਕੈਂਚੀ ਕਤਰਦੀ ਹੈ, ਦਰਜ਼ੀ ਇਸ ਨੂੰ ਪਾੜਦਾ ਹੈ, ਤੇ ਸੂਈ ਧਾਗਾ ਸਿਊਂਦਾ ਹੈ। (ਜਿਵੇਂ ਇਹ ਕੱਟਿਆ ਪਾੜਿਆ ਹੋਇਆ ਕੱਪੜਾ ਸੂਈ ਧਾਗੇ ਨਾਲ ਸੀਪ ਜਾਂਦਾ ਹੈ) ਤਿਵੇਂ ਹੀ, ਹੇ ਨਾਨਕ! ਮਨੁੱਖ ਦੀ ਗੁਆਚੀ ਹੋਈ ਇੱਜ਼ਤ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਨਾਲ ਫਿਰ ਬਣ ਆਉਂਦੀ ਹੈ ਤੇ ਮਨੁੱਖ ਸੁਚੱਜਾ ਜੀਵਨ ਗੁਜ਼ਾਰਨ ਲੱਗ ਪੈਂਦਾ ਹੈ।