327
ਧਨਾਸਰੀ ਮਹਲਾ ੧ ॥
ਚੋਰੁ ਸਲਾਹੇ ਚੀਤੁ ਨ ਭੀਜੈ ॥ ਜੇ ਬਦੀ ਕਰੇ ਤਾ ਤਸੂ ਨ ਛੀਜੈ ॥ ਚੋਰ ਕੀ ਹਾਮਾ ਭਰੇ ਨ ਕੋਇ ॥ ਚੋਰੁ ਕੀਆ ਚੰਗਾ ਕਿਉ ਹੋਇ ॥੧॥ ਸੁਣਿ ਮਨ ਅੰਧੇ ਕੁਤੇ ਕੂੜਿਆਰ ॥ ਬਿਨੁ ਬੋਲੇ ਬੂਝੀਐ ਸਚਿਆਰ ॥੧॥ ਰਹਾਉ ॥
ਜੇ ਕੋਈ ਚੋਰ (ਉਸ ਹਾਕਮ ਦੀ ਜਿਸ ਦੇ ਸਾਹਮਣੇ ਉਸ ਦਾ ਮੁਕੱਦਮਾ ਪੇਸ਼ ਹੈ) ਖ਼ੁਸ਼ਾਮਦ ਕਰੇ ਤਾਂ ਉਸ ਨੂੰ (ਇਹ) ਯਕੀਨ ਨਹੀਂ ਬਣ ਸਕਦਾ (ਕਿ ਇਹ ਸੱਚਾ ਹੈ), ਜੇ ਉਹ ਚੋਰ (ਹਾਕਮ ਦੀ) ਬਦ-ਖ਼ੋਈ ਕਰੇ ਤਾਂ ਭੀ ਉਹ ਰਤਾ ਭਰ ਨਹੀਂ ਘਾਬਰਦਾ । ਕੋਈ ਭੀ ਮਨੁੱਖ ਕਿਸੇ ਚੋਰ ਦੇ ਚੰਗੇ ਹੋਣ ਦੀ ਗਵਾਹੀ ਨਹੀਂ ਦੇ ਸਕਦਾ । ਜੇਹੜਾ ਮਨੁੱਖ (ਲੋਕਾਂ ਦੀਆਂ ਨਜ਼ਰਾਂ ਵਿਚ) ਚੋਰ ਮੰਨਿਆ ਗਿਆ, ਉਹ (ਖ਼ੁਸ਼ਾਮਦਾਂ ਜਾਂ ਬਦ-ਖ਼ੋਈਆਂ ਨਾਲ ਹੋਰਨਾਂ ਦੇ ਸਾਹਮਣੇ) ਚੰਗਾ ਨਹੀਂ ਬਣ ਸਕਦਾ ।੧। ਹੇ ਅੰਨ੍ਹੇ ਲਾਲਚੀ ਤੇ ਝੂਠੇ ਮਨ! (ਧਿਆਨ ਨਾਲ) ਸੁਣ । ਸੱਚਾ ਮਨੁੱਖ ਬਿਨਾ ਬੋਲਿਆਂ ਹੀ ਪਛਾਣਿਆ ਜਾਂਦਾ ਹੈ ।੧।ਰਹਾਉ।