Daily Hukamnama Sri Darbar Sahib Amritsar 1 September 2024

by admin

ਰਾਗੁ ਬਿਹਾਗੜਾ ਮਹਲਾ ੫॥

ਅਤਿ ਪ੍ਰੀਤਮ ਮਨ ਮੋਹਨਾ ਘਟ ਸੋਹਨਾ ਪ੍ਰਾਨ ਅਧਾਰਾ ਰਾਮ ॥ ਸੁੰਦਰ ਸੋਭਾ ਲਾਲ ਗੋਪਾਲ ਦਇਆਲ ਕੀ ਅਪਰ ਅਪਾਰਾ ਰਾਮ ॥ ਗੋਪਾਲ ਦਇਆਲ ਗੋਬਿੰਦ ਲਾਲਨ ਮਿਲਹੁ ਕੰਤ ਨਿਮਾਣੀਆ ॥ ਨੈਨ ਤਰਸਨ ਦਰਸ ਪਰਸਨ ਨਹ ਨੀਦ ਰੈਣਿ ਵਿਹਾਣੀਆ ॥ ਗਿਆਨ ਅੰਜਨ ਨਾਮ ਬਿੰਜਨ ਭਏ ਸਗਲ ਸੀਗਾਰਾ ॥ ਨਾਨਕੁ ਪਇਅੰਪੈ ਸੰਤ ਜੰਪੈ ਮੇਲਿ ਕੰਤੁ ਹਮਾਰਾ ॥੧॥ ਲਾਖ ਉਲਾਹਨੇ ਮੋਹਿ ਹਰਿ ਜਬ ਲਗੁ ਨਹ ਮਿਲੈ ਰਾਮ ॥ ਮਿਲਨ ਕਉ ਕਰਉ ਉਪਾਵ ਕਿਛੁ ਹਮਾਰਾ ਨਹ ਚਲੈ ਰਾਮ ॥ ਚਲ ਚਿਤ ਬਿਤ ਅਨਿਤ ਪ੍ਰਿਅ ਬਿਨੁ ਕਵਨ ਬਿਧੀ ਨ ਧੀਜੀਐ ॥ ਖਾਨ ਪਾਨ ਸੀਗਾਰ ਬਿਰਥੇ ਹਰਿ ਕੰਤ ਬਿਨੁ ਕਿਉ ਜੀਜੀਐ ॥ ਆਸਾ ਪਿਆਸੀ ਰੈਨਿ ਦਿਨੀਅਰੁ ਰਹਿ ਨ ਸਕੀਐ ਇਕੁ ਤਿਲੈ ॥ ਨਾਨਕੁ ਪਇਅੰਪੈ ਸੰਤ ਦਾਸੀ ਤਉ ਪ੍ਰਸਾਦਿ ਮੇਰਾ ਪਿਰੁ ਮਿਲੈ ॥੨॥ 

ਪੰਜਾਬੀ ਵਿਆਖਿਆ:

(ਹੇ ਭਾਈ!) ਪਰਮਾਤਮਾ ਬਹੁਤ ਹੀ ਪਿਆਰਾ ਲੱਗਣ ਵਾਲਾ ਹੈ, ਸਭ ਦੇ ਮਨ ਨੂੰ ਮੋਹ ਲੈਣ ਵਾਲਾ ਹੈ, ਸਭ ਸਰੀਰਾਂ ਵਿਚ ਸੋਭ ਰਿਹਾ ਹੈ, ਸਭ ਦੇ ਜੀਵਨ ਦਾ ਸਹਾਰਾ ਹੈ। ਉਸ ਦਇਆ ਦੇ ਘਰ ਗੋਪਾਲ ਪਿਆਰੇ ਦੀ ਸੋਹਣੀ ਸੋਭਾ (ਪਸਰ ਰਹੀ) ਹੈ, ਬੜੀ ਬੇਅੰਤ ਸੋਭਾ ਹੈ। ਹੇ ਦਿਆਲ ਗੋਬਿੰਦ! ਹੇ ਗੋਪਾਲ ਹੇ ਪਿਆਰੇ ਕੰਤ! ਮੈਨੂੰ ਨਿਮਾਣੀ ਨੂੰ ਮਿਲ। ਮੇਰੀਆਂ ਅੱਖਾਂ ਤੇਰੇ ਦਰਸਨ ਦੀ ਛੂਹ ਹਾਸਲ ਕਰਨ ਲਈ ਤਰਸਦੀਆਂ ਰਹਿੰਦੀਆਂ ਹਨ। ਮੇਰੀ ਜ਼ਿੰਦਗੀ ਦੀ ਰਾਤ ਲੰਘਦੀ ਜਾ ਰਹੀ ਹੈ, (ਪਰ ਮੈਨੂੰ ਤੇਰੇ ਮਿਲਾਪ ਤੋਂ ਪੈਦਾ ਹੋਣ ਵਾਲੀ) ਸ਼ਾਂਤੀ ਨਹੀਂ ਮਿਲ ਰਹੀ। ਜਿਸ ਨੂੰ ਗੁਰੂ ਦੇ ਬਖ਼ਸ਼ੇ ਗਿਆਨ ਦਾ ਸੁਰਮਾ ਮਿਲ ਗਿਆ, ਜਿਸ ਨੂੰ (ਆਤਮਕ ਜੀਵਨ ਦਾ) ਭੋਜਨ ਹਰਿ-ਨਾਮ ਮਿਲ ਗਿਆ, ਉਸ ਦੇ ਸਾਰੇ (ਆਤਮਕ) ਸਿੰਗਾਰ ਸਫਲ ਹੋ ਗਏ। ਨਾਨਕ ਸੰਤ ਜਨਾਂ ਦੀ ਚਰਨੀਂ ਪੈਂਦਾ ਹੈ, ਸੰਤਾਂ ਜਨਾਂ ਅੱਗੇ ਅਰਜ਼ੋਈ ਕਰਦਾ ਹੈ, ਕਿ ਮੈਨੂੰ ਮੇਰਾ ਪ੍ਰਭੂ-ਪਤੀ ਮਿਲਾਵੋ।੧।ਜਦ ਤਕ ਪਰਮਾਤਮਾ ਨਹੀਂ ਮਿਲਦਾ, ਜਦ ਤਕ (ਮੇਰੀਆਂ ਭੁੱਲਾਂ ਦੇ) ਮੈਨੂੰ ਲੱਖਾਂ ਉਲਾਂਭੇ ਮਿਲਦੇ ਰਹਿੰਦੇ ਹਨ। ਮੈਂ ਪਰਮਾਤਮਾ ਨੂੰ ਮਿਲਣ ਵਾਸਤੇ ਅਨੇਕਾਂ ਹੀਲੇ ਕਰਦੀ ਹਾਂ, ਪਰ ਮੇਰੀ ਕੋਈ ਪੇਸ਼ ਨਹੀਂ ਜਾਂਦੀ। ਪਿਆਰੇ ਪ੍ਰਭੂ ਦੇ ਮਿਲਾਪ ਤੋਂ ਬਿਨਾ ਕਿਸੇ ਤਰ੍ਹਾਂ ਭੀ ਮਨ ਨੂੰ ਧੀਰਜ ਨਹੀਂ ਆਉਂਦੀ, ਚਿੱਤ (ਧਨ ਦੀ ਖ਼ਾਤਰ) ਹਰ ਵੇਲੇ ਨੱਠਾ ਫਿਰਦਾ ਹੈ; ਤੇ, ਧਨ ਭੀ ਸਦਾ ਨਾਲ ਨਹੀਂ ਨਿਭਦਾ। ਸਾਰੇ ਖਾਣ ਪੀਣ ਸਿੰਗਾਰ ਪ੍ਰਭੂ-ਪਤੀ ਤੋਂ ਬਿਨਾ ਵਿਅਰਥ ਹਨ, ਪ੍ਰਭੂ-ਪਤੀ ਤੋਂ ਬਿਨਾ ਜੀਵਨ ਦਾ ਕੋਈ ਕਜ ਨਹੀਂ। ਪ੍ਰਭੂ-ਪਤੀ ਤੋਂ ਬਿਨਾ (ਦੁਨੀਆ ਵਾਲੀਆਂ) ਆਸਾਂ (ਵਿਆਕੁਲ ਕਰੀ ਰੱਖਦੀਆਂ ਹਨ) ਮਾਇਆ ਦੀ ਤ੍ਰਿਸ਼ਨਾ ਦਿਨ ਰਾਤ ਲੱਗੀ ਰਹਿੰਦੀ ਹੈ। ਰਤਾ ਜਿਤਨੇ ਸਮੇ ਲਈ ਭੀ ਜਿੰਦ ਟਿਕਾਣੇ ਨਹੀਂ ਆਉਂਦੀ। ਨਾਨਕ ਬੇਨਤੀ ਕਰਦਾ ਹੈ-ਹੇ ਗੁਰੂ! ਮੈਂ (ਜੀਵ-ਇਸਤ੍ਰੀ) ਤੇਰੀ ਦਾਸੀ ਆ ਬਣੀ ਹਾਂ, ਤੇਰੀ ਕਿਰਪਾ ਨਾਲ (ਹੀ) ਮੇਰਾ ਪ੍ਰਭੂ ਪਤੀ (ਮੈਨੂੰ) ਮਿਲ ਸਕਦਾ ਹੈ।੨।

 

You may also like