746
ਆਸਾ ॥
ਜਗਿ ਜੀਵਨੁ ਐਸਾ ਸੁਪਨੇ ਜੈਸਾ ਜੀਵਨੁ ਸੁਪਨ ਸਮਾਨੰ ॥ ਸਾਚੁ ਕਰਿ ਹਮ ਗਾਠਿ ਦੀਨੀ ਛੋਡਿ ਪਰਮ ਨਿਧਾਨੰ ॥੧॥ ਬਾਬਾ ਮਾਇਆ ਮੋਹ ਹਿਤੁ ਕੀਨ੍ਹ੍ਹ ॥ ਜਿਨਿ ਗਿਆਨੁ ਰਤਨੁ ਹਿਰਿ ਲੀਨ੍ਹ੍ਹ ॥੧॥ ਰਹਾਉ ॥
ਜਗਤ ਵਿਚ (ਮਨੁੱਖ ਦੀ) ਜ਼ਿੰਦਗੀ ਅਜਿਹੀ ਹੀ ਹੈ ਜਿਹਾ ਸੁਪਨਾ ਹੈ, ਜ਼ਿੰਦਗੀ ਸੁਪਨੇ ਵਰਗੀ ਹੀ ਹੈ। ਪਰ ਅਸਾਂ ਸਭ ਤੋਂ ਉੱਚੇ (ਸੁਖਾਂ ਦੇ) ਖ਼ਜ਼ਾਨੇ ਪ੍ਰਭੂ ਨੂੰ ਛੱਡ ਕੇ, (ਇਸ ਸੁਪਨ-ਸਮਾਨ ਜੀਵਨ ਨੂੰ) ਸਦਾ ਕਾਇਮ ਰਹਿਣ ਵਾਲਾ ਜਾਣ ਕੇ ਇਸ ਨੂੰ ਗੰਢ ਦੇ ਰੱਖੀ ਹੈ।੧। ਹੇ ਬਾਬਾ! ਅਸਾਂ ਮਾਇਆ ਨਾਲ ਮੋਹ ਪਿਆਰ ਪਾਇਆ ਹੋਇਆ ਹੈ, ਜਿਸ ਨੇ ਸਾਡਾ ਗਿਆਨ ਰੂਪ ਹੀਰਾ ਚੁਰਾ ਲਿਆ ਹੈ।੧।ਰਹਾਉ।