ਜਦੋਂ ਵੀ ਘਰ ਵਿੱਚ ਕੋਈ ਉੱਚੀ ਜਾਂ ਤਿੱਖੀ ਅਵਾਜ਼ ਵਿੱਚ ਬੋਲਦਾ ਤਾਂ ਉਹ ਸਹਿਮ ਜਾਂਦੀ । ਉਸਦਾ ਕੋਮਲ ਮਨ ਕਮਲਾ ਜਾਂਦਾ।
ਸ਼ਾਤ ਹਲਾਤਾਂ ਵਿੱਚ ਉਹ ਕਿਕਲੀਆਂ ਪਾਉੰਦੀ ਭੱਜ- ਭੱਜ ਕੁੱਛੜ ਚੜ੍ਹਦੀ ਨਾ ਥੱਕਦੀ। ਇੰਨੀਆਂ ਗੱਲਾਂ ਕਰਦੀ ਕਿ ਗੱਲ ਨਾ ਟੁੱਟਣ ਦੇੰਦੀ ਪਰ ਜਦੋਂ ਤਲਖ-ਕਲਾਮੀ ਸੁੱਣਦੀ ਤਾਂ ਕਈ-ਕਈ ਦਿਨ ਰੱਝ ਕੇ ਨਾ ਖਾਂਦੀ ਤੇ ਨਾ ਹੀ ਕਿਸੇ ਨਾਲ ਗੱਲ ਕਰਦੀ।
ਉਹ ਡਰੀ ਘਰਦੇ ਕਿਸੇ ਕੋਨੇ ਵਿੱਚ ਮੂੰਹ ਵਿੱਚ ਉੰਗਲਾਂ ਨੂੰ ਪਾ ਸੋਚਦੀ ਰਹਿੰਦੀ ।
ਉਹ ਸਿਰਫ ਧੀਰਜ ਨਾਲ ਬੋਲਣ ਤੇ ਹੱਸਦੇ ਚਿਹਰਿਆਂ ਨੂੰ ਇਨਸਾਨ ਸਮਝਦੀ ਬਾਕੀ ਉਸਨੂੰ ਡਰਾਉਣੇ ਹਵਾਨ ਜਾਪਦੇ।
ਅੱਕ ਕੇ ਇਕ ਦਿਨ ਉਹ, ਘਰ ਵਿੱਚ ਵੱਡਿਆਂ ਦੀ ਹੁੰਦੀ ਤੂੰ -ਤੂੰ, ਮੈਂ -ਮੈੰ ਵਿੱਚ ਜਾ ਖਲੋਤੀ । ਸਿਸਕੀਆਂ ਲੈੰਦੀ ਨੇ ਆਪਣੇ ਨਿੱਕਿਆਂ ਨਿੱਕਿਆਂ ਹੱਥਾਂ ਨੂੰ ਜੋੜ ਤਰਲਾ ਲਿਆ , ” ਰੱਬ ਦੇ ਵਾਸਤੇ ਸਾਰੇ ਚੁੱਪ ਹੋ ਜਾਓ !! ਤੁਹਾਨੂੰ ਕਿੰਨੇ ਵੱਡਿਆਂ ਬਣਾ ਦਿੱਤਾ , ਤੁਸੀਂ ਤੇ ਨਿਆਣਿਆਂ ਤੋਂ ਵੀ ਗਏ ਗੁਜਰੇ ਹੋ। ਇਸ ਤਰ੍ਹਾਂ ਦੀ ਕਾਵਾਂ ਰੌਲੀ ਤਾਂ ਕਾਂ ਵੀ ਨਹੀਂ ਪਾਉਂਦੇ । ਤੁਸੀਂ ਇੰਨਾਂ ਮਸਲਿਆਂ ਨੂੰ ਆਰਾਮ ਨਾਲ ਬੈਠਕੇ ਵੀ ਹਲ ਕਰ ਸਕਦੇ ਹੋ। ਤੁਸੀਂ ਕਦੀ ਨਹੀਂ ਸੋਚਿਆ ਕਿ ਘਰ ਵਿੱਚ ਛੋਟੇ ਬਾਲ ਵੀ ਰਹਿੰਦੇ ਹਨ॥ ਉਨ੍ਹਾਂ ਦੀ ਕੋਮਲ-ਕਾਇਆ ਤੇ ਤੁਹਾਡੇ ਬੋਲ -ਕਬੋਲਾਂ ਦਾ ਕਿੰਨਾ ਬੁਰਾ ਅਸਰ ਪੈੰਦਾ ਹੋਊ? ਤੁਸੀਂ ਕਈ ਵਾਰੀ ਮੈਨੂੰ ਕਿਹਾ ਕਿ ਤੈਨੂੰ ਖਾਧਾ ਪੀਤਾ ਨਹੀਂ ਲਗਦਾ। ਤੁਹਾਨੂੰ ਕੀ ਪਤਾ ਤੁਹਾਡੇ ਬੋਲ ਬੁਲਾਰੇ ਕਰਕੇ ਮੈਂ ਸਾਰੀ ਸਾਰੀ ਰਾਤ ਸੌੰ ਨਹੀਂ ਸਕਦੀ । ਇਸ ਸਭ ਕੁੱਝ ਲਈ ਤੁਸੀਂ ਦੋਸ਼ੀ ਹੋ । ਜੋ ਘਰੇਲੂ ਮਹੌਲ ਸੁੱਖਾਵਾਂ ਨਹੀ ਰੱਖ ਸਕੇ।
ਬੇਸ਼ਕ ਮੈਂ ਨਿਆਣੀ ਹਾਂ ਪਰ ਮੈਨੂੰ ਇੰਨਾਂ ਕੁ ਪਤਾ ਹੈ ਕਿ ਜਿਸ ਘਰ ਵਿੱਚ ਨਿੱਤ ਕਲੇਸ਼ ਰਹੇ ਉਹ ਘਰ ਨਹੀਂ ਮੁਸਾਫਿਰਖਾਨਾ ਹੁੰਦਾ। ਜਿਥੇ ਕੋਈ ਕਿਸੇ ਦਾ ਖੈਰ ਖਾਹ ਨਹੀ ਸਗੋਂ ਸਭ ਦਿਨ ਕੱਟੀ ਕਰ ਰਹੇ ਹੁੰਦੇ।” ਜਦੋਂ ਇਕੋ ਸਾਹੇ ਉਸ ਸੱਚ ਉਗਲਿਆਂ ਤਾਂ ਸਾਰਿਆਂ ਨੀਵੀਆਂ ਪਾ ਲਈਆਂ । ਉਸ ਰੋੰਦੀ ਨੇ ਅੰਦਰ ਵੜ ਕੁੰਡੀ ਲਾ ਲਈ।
ਗੁਰਨਾਮ ਨਿੱਜਰ
Uncategorized
ਬਿੰਦੀ ਮੇਰਾ ਹਾਣੀ ਅਤੇ ਜਮਾਤ ਦਾ ਸਾਥੀ ਹੈ, ਘਰ ਵੀ ਸਾਡੇ ਨੇੜੇ ਹੀ ਸਨ।ਸੱਤਵੀਂ ਜਮਾਤ ਵਿੱਚ ਅੰਗਰੇਜ਼ੀ ਨਾਲ ਅੜੀ ਪੈਣ ਕਰਕੇ ਅੰਗਰੇਜ਼ੀ ਸਿੱਖਿਆ ਤੰਤਰ ਨੂੰ ਤਿਲਾਂਜਲੀ ਦੇ ਦਿੱਤੀ।ਪਹਿਲਾਂ ਪਸ਼ੂ ਚਾਰਨ ਦੀ ਡਿਊਟੀ ਨਿਭਾਈ ਫੇਰ ਆਪਣੇ ਪਿਉ ਨਾਲ ਪਿਤਾ ਪੁਰਖੀ ਕਿੱਤੇ ਤਰਖਾਣੇ ਕੰਮ ਵਿੱਚ ਹੱਥ ਵਟਾਉਣ ਲੱਗਾ।ਇੱਥੇ ਵੀ ਪਿਉ ਦੀ ਟੋਕਾਟਾਕੀ ਕਾਰਨ ਮਨ ਨਾ ਲੱਗਦਾ।ਉਸ ਦਾ ਸੁਭਾਅ ਸੀ ਹੱਸਦੇ ਰਹਿਣਾ ਅਤੇ ਪਿਉ ਵੱਲੋਂ ਕੰਮ ਪ੍ਰਤੀ ਦਿੱਤੇ ਸੁਝਾਅ ਨੂੰ ਵੇਲੇ ਕਹਿਣਾ ‘ਇਹ ਕਿਹੜਾ ਨੰਦ ਪੜਨੇ..’। ਜੁਆਨ ਹੋਇਆ ਤਾਂ ਪਿਤਾ ਪੁੱਤਰ ਵਾਲੀ ਕਿਚ ਕਿਚ ਵਧਦੀ ਗਈ, ਗੱਲ ਇੱਥੋਂ ਤੱਕ ਪਹੁੰਚ ਗਈ ਕਿ ਉਸ ਨੇ ਦੁਕਾਨ ਤੇ ਕੰਮ ਕਰਨ ਦੀ ਬਜਾਏ ਆਪਣਾ ਆਜਾਦ ਧੰਦਾ ਅਪਣਾਉਣ ਦੀ ਸੋਚੀ।ਸੰਦ ਥੈਲੇ ਵਿੱਚ ਪਾ ਸ਼ਹਿਰ ਤੁਰ ਗਿਆ ਅਤੇ ਮਹੱਲੇ ਵਿੱਚ ‘ਮੰਜੇ ਪੀੜ੍ਹੀਆਂ ਠੀਕ ਕਰਵਾ ਲਵੋ’ ਦਾ ਹੋਕਾ ਜਾ ਲਾਇਆ।ਕਾਫੀ ਭਕਾਈ ਬਾਅਦ ਇੱਕ ਮਾਈ ਨੇ ਪੁਛਿਆ, “ਭਾਈ ਮੰਜਾ ਠੋਕ ਦੇਵੇਂਗਾ”।ਸਾਈਕਲ ਰੋਕ ਜਵਾਬ ਦਿੱਤਾ,”ਇਸ ਵਿੱਚ ਕੀ ਨੰਦ ਪੜਨੇ,ਲਿਆਓ।” ਥੈਲਾ ਬਿਜਲੀ ਦੇ ਖੰਭੇ ਨਾਲ ਟਿਕਾ ਬੈਠ ਗਿਆ, ਮਾਈ ਨੇ ਸਮਾਨ ਫੜਾ ਦਿੱਤਾ।ਆਵਾਜਾਈ ਲਈ ਰਾਹ ਛੱਡ ਹੋ ਗਿਆ ਸ਼ੁਰੂ, ਮੰਜਾ ਠੋਕ ਦਿੱਤਾ ਅਤੇ ਮਾਈ ਨੂੰ ਲੈ ਜਾਣ ਲਈ ਆਵਾਜ ਮਾਰ ਦਿੱਤੀ।”ਵੇ ਜਣਦਿਆਂ ਨੂੰ ਖਾਣਿਆਂ, ਤੈਨੂੰ ਕਿਹੜੇ ਕੰਜਰ ਨੇ ਅਕਲ ਦਿੱਤੀ ਹੈ।” ਹੋਇਆ ਇਸ ਤਰ੍ਹਾਂ ਕਿ ਮੰਜਾ ਠੋਕਣ ਲੱਗਿਆਂ ਖੰਭੇ ਦਾ ਧਿਆਨ ਹੀ ਨਾ ਕੀਤਾ ਅਤੇ ਮੰਜੇ ਦੇ ਵਿਚਾਲੇ ਲੈ ਲਿਆ।ਮਾਈ ਗਾਹਲਾਂ ਦਾ ਮੀਂਹ ਵਰਾਈ ਜਾਵੇ।ਦੁਬਾਰਾ ਖੇੜਨ ਦੇ ਚੱਕਰ ਅਤੇ ਘਬਰਾਹਟ ਕਾਰਨ ਚੂਲ੍ਹ ਟੁੱਟ ਗਈ।ਦੁਬਾਰਾ ਨਵੀਆਂ ਚੂਲਾਂ ਕੱਢ ਮੰਜਾ ਠੋਕ ਮਸਾਂ ਖਹਿੜਾ ਛੁਡਾਇਆ, ਖਾਲੀ ਹੱਥ ਛੂਟ ਵੱਟ ਲਈ।
ਸ਼ਾਮ ਨੂੰ ਮੈਨੂੰ ਆ ਆਵਾਜ਼ ਦਿੱਤੀ।ਮੈਂ ਸੋਚਿਆ ਪਹਿਲੀ ਕਮਾਈ ਦੀ ਪਾਰਟੀ ਕਰੇਗਾ।ਸਦਾ ਹੱਸਦੇ ਰਹਿਣ ਵਾਲੇ ਬਿੰਦੀ ਨੇ ਜਦੋਂ ਸਾਰੀ ਗੱਲ ਦੱਸੀ ਤਾਂ ਮੇਰਾ ਹਾਸਾ ਨਾ ਰੁਕੇ,ਉਸ ਦੀ ਹਾਲਤ ਹੋਰ ਖਰਾਬ ਹੋਈ ਜਾਵੇ।ਰੋਣਹਾਕਾ ਹੋ ਪੁਛਿਆ ਕਿ ਹੁਣ ਕੀ ਕਰਾਂ।ਮੈਂ ਉਸ ਨੂੰ ਸਕੀਮ ਦੱਸੀ ਕਿ ਆਪਣੀ ਦੁਕਾਨ ਤੇ ਬੈਠ ਤੇ ਚੰਗੀ ਤਰ੍ਹਾਂ ਕੰਮ ਸਿੱਖ।ਅਸੀਂ ਸਕੀਮ ਬਣਾਈ ਕਿ ਕਿਵੇਂ ਉਸਦੇ ਬਾਪੂ ਨੂੰ ਮਨਾਉਣਾ।
ਅਗਲੇ ਦਿਨ ਸਵੇਰੇ ਹੀ ਬੇਬੇ ਤੋਂ ਦੁਕਾਨ ਦੀ ਚਾਬੀ ਮੰਗ ਲਈ,”ਬਾਪੂ ਬੱਗੀ ਦਾਹੜੀ ਵਾਲਾ ਝਾੜੂ ਮਾਰਦਾ ਬੁਰਾ ਲੱਗਦਾ, ਸਫਾਈ ਮੈਂ ਕਰ ਦਿੰਨਾ।” ਬਾਪੂ ਅੰਦਰ ਪਿਆ ਬੁੜਬੁੜ ਕਰੀ ਜਾਵੇ,ਬਿੰਦੀ ਚਾਬੀ ਚੱਕ ਦੁਕਾਨ ਤੇ ਆ ਗਿਆ।ਚੰਗੀ ਤਰ੍ਹਾਂ ਸਫਾਈ ਕਰ, ਸੰਦ ਧੋ ਧੂਫਬੱਤੀ ਕਰ ਦਿੱਤੀ।ਜਦੋਂ ਬਾਪੂ ਦੁਕਾਨ ਤੇ ਆਇਆ, ਕੁਰਸੀ ਸਾਫ ਕਰ ਬਿਠਾ ਦਿੱਤਾ।ਬਾਪੂ ਨੂੰ ਕੰਮ ਦਾ ਪੁੱਛ ਕਰਨ ਲੱਗਾ, ਬਾਪੂ ਹੈਰਾਨ।ਕੁਝ ਦਿਨਾਂ ਵਿੱਚ ਜੁਗਤ ਕੰਮ ਆ ਗਈ ਅਤੇ ਬਿੰਦੀ ਦਾ ਹੱਥ ਅਤੇ ਦਿਮਾਗ ਚੱਲਣ ਲੱਗਾ।ਕੁੱਝ ਹੀ ਸਮੇਂ ਵਿੱਚ ਵਧੀਆ ਮਿਸਤਰੀ ਬਣ ਗਿਆ।
ਅੱਜ ਬਿੰਦੀ, ਬਿੰਦਰਪਾਲ ਸਿੰਘ ਬਣ ਗਿਆ ਹੈ ਅਤੇ ਉਸ ਦਾ ਸ਼ਹਿਰ ਵਿੱਚ ਵੱਡਾ ਸ਼ੋਅ ਰੂਮ ਹੈ।ਪੈਸੇ ਟਕੇ ਵੱਲੋਂ ਕਿਰਪਾ ਹੈ,ਇਹ ਸਭ ਉਸ ਦਾ ਪਹਿਲੀ ਕਮਾਈ ਨੂੰ ਦਿਮਾਗ ਵਿੱਚ ਸਾਂਭਣ ਕਾਰਨ ਹੋਇਆ।ਅੱਜ ਵੀ ਜਦੋਂ ਮਿਲਦੇ ਹਾਂ ਤਾਂ ਉਸ ਘਟਨਾ ਨੂੰ ਯਾਦ ਕਰ ਖੂਬ ਹੱਸਦੇ ਹਾਂ।
ਗੁਰਮੀਤ ਸਿੰਘ ਮਰਾੜ੍ਹ