ਉਠ ਨੀ ਬੀਬੀ ਸੁੱਤੀਏ ਨੀ ਬੀਰੇ ਤੇਰੜੇ ਆਏ
ਨਾਲ ਸੋਂਹਦੀਆਂ ਭਾਬੀਆਂ ਬੀਰੇ ਅੰਮੜੀ ਜਾਏ
ਤੇਰੇ ਮੋਹ ਦੇ ਬੱਧੇ ਨੀ ਵਾਟਾਂ ਝਾਗ ਕੇ ਆਏ
ਸ਼ਗਨ ਮਨਾ ਬੀਬੀ ਨੀ ਭਲੇ ਕਾਰਜ ਆਏ
Sithniyan
ਬਲਬੀਰ ਕੁਰ ਨਖਰੋ
ਬੂਹੇ ਉੱਤੇ ਤੇਲ ਚੁਆ ਬੀਬੀ
ਇਹਨਾਂ ਪੇਕਿਆਂ ਦੇ ਸ਼ਗਨ ਮਨਾ ਬੀਬੀ
ਮਾਮੀਆਂ ਨੂੰ ਪੱਲਾ ਪੁੜੀ ਪਾ ਬੀਬੀ
ਭਤੀਜਿਆਂ ਨੂੰ ਗਲ ਨਾਲ ਲਾ ਬੀਬੀ
ਅੰਮਾਂ ਜਾਇਆਂ ਦੇ ਸ਼ਗਨ ਮਨਾ ਬੀਬੀ
ਨੰਦ ਕੁਰ ਕੁੜੀਏ ਕੰਮ ਤਾਂ ਹੁੰਦੇ ਰਹਿਣਗੇ ਆਪੇ
ਨੀ ਆ ਜਾ ਧੀਏ ਸਰਦਲ ਤੇ
ਤੇਲ ਚੋਅ ਨੀ ਆਏ ਨੇ ਕੇਰੇ ਮਾਪੇ
ਨਾਨਕੀਆਂ ਨੂੰ ਖਲ ਕੁੱਟ ਦਿਓ ਜੀ
ਜੀਹਨਾਂ ਧੌਣ ਪੱਚੀ ਸਰ ਖਾਣਾ (ਸੇਰ)
ਸਾਨੂੰ ਪੂਰੀਆਂ ਜੀ
ਜੀਹਨਾਂ ਮੁਸ਼ਕ ਲਿਆਂ ਰੱਜ ਜਾਣਾ
ਖਸਮ ਬਿਨਾ ਰੋਟੀ ਨਹੀਂ
ਬਚੋਲੇ ਬਿਨਾ ਵੋਟ੍ਹੀ ਨਹੀਂ
ਬਚੋਲਿਆ ਕਪਟ ਕਮਾਇਆ ਬੇ
ਊਠ ਮਗਰ ਛੇਲਾ ਲਾਇਆ ਬੇ
ਸਾਡੀ ਤਾਂ ਮਜਬੂਰੀ ਦਾ
ਤੈਂ ਪੂਰਾ ਫੈਦਾ ‘ਠਾਇਆ ਬੇ
ਸਾਡੀ ਬੀਬੀ ਨਿਰੀ ਮੁਸਕਣ ਬੂਟੀ
ਬੇ ਤੈਂ ਘੋਰੀ ਪੱਲੇ ਪਾਇਆ ਬੇ
ਸਾਡੀ ਕੰਨਿਆ ਬਾਰਾਂ ਬਰਸੀ ਨੂੰ
ਤੈਂ ਬੁੱਢੜਾ ਸਾਕ ਕਰਾਇਆ ਬੇ
ਬਚੋਲਣ ਸਿਰੇ ਦੀ ਲਾਲਚਣ ਨੂੰ
ਧੀ ਆਲਿਆਂ ਨੇ ਛਾਪ ਪਾ ਤੀ ਠਿੱਕ ਬਰਗੀ
ਪੁੱਤ ਆਲਿਆਂ ਤੋਂ ਸਰਿਆ ਸੂਤੀ ਸੂਟ
ਉਹਨਾਂ ਦੀ ਮਾਂ ਭੈਣ ਇਕ ਕਰਗੀ
ਬਚੋਲਣੇ ਮੁੰਡਾ ਤਾਂ ਲੱਭਿਆ ਨਿਰਾ ਉਲੂ ਬਾਟਾ
ਪੱਟੋ ਨੀ ਪੱਟੋ ਹੁਣ ਬਚੋਲੇ ਦਾ ਝਾਟਾ
ਬਚੋਲਣੇ ਕੰਨ ਕਰੀਂ ਨੀ
ਤੂੰ ਰੱਖੀਂ ਨਾਅ ਰਤਾ ਲਕੋ
ਮਗਰੋਂ ਲਿੱਤਰ ਪੈਣਗੇ
ਤੈਨੂੰ ਘੇਰ ਕੇ ਜਾਣਗੇ
ਨੀ ਅਨਪੜ੍ਹ ਮੁਰਖੇ ਨੀ-ਖਲੋ
ਬਚੋਲਣੇ ਸੂਟ ਤਾਂ ਮਿਲ ਗਿਆ ਮਨ ਭਾਉਂਦਾ
ਮਾਸੜ ਫਿਰੇ ਨੀ ਤੇਰੇ ਗੁਣ ਗਾਉਂਦਾ
ਬਚੋਲਣੇ ਸੂਟ ਤਾਂ ਮਿਲ ਗਿਆ ਮਰਜੀ ਦਾ
ਹੁਣ ਨਾਪ ਨੂੰ ਆਇਆ ਮੁੰਡਾ ਦਰਜੀ ਦਾ
ਬੁਰੀ ਕਰੀ ਬਚੋਲਿਆ ਬੇ
ਤੈਂ ਮੇਲ ਮਲਾਇਆ ਅਣਜੋੜ (ਗਲਜੋੜ)
ਮੋਹਰੀ ਬੰਦੇ ਸੱਦ ਕੇ
ਤੇਰਾ ਬੂਥਾ ਦੇਮਾਂ
ਬੇ ਸਿਰੇ ਦਿਆ ਬੇਈਮਾਨਾਂ ਬੇ-ਤੋੜ
ਛੱਜ ਓਹਲੇ ਛਾਲਣੀ ਪਰਾਤ ਉਹਲੇ ਤਵਾ ਓਏ
ਨਾਨਕੀਆਂ ਦਾ ਮੇਲ ਆਇਆ
ਸੂਰੀਆਂ ਦਾ ਰਵਾ ਉਇ
ਛੱਜ ਉਹਲੇ ਛਾਨਣੀ ਪਰਾਤ ਉਹਲੇ ਡੋਈ ਵੇ
ਨਾਨਕਿਆਂ ਦਾ ਮੇਲ ਆਇਆ
ਚੱਜ ਦਾ ਨਾ ਕੋਈ ਵੇ