ਸਾਡੇ ਵਿਹੜੇ ਜਿਹੜਾ ਨਿੰਬੂ ਦਾ ਬੂਟਾ
ਉਹਨੂੰ ਐਤਕਾਂ ਤਾਂ ਲੱਗ ‘ਗੇ ਅਨਾਰ ਨੀ
ਆਹ ਕੀ ਚਾਲਾ ਹੋਇਆ ਭੈਣੇ
ਆਹ ਕੀ ਕਾਰਾ ਹੋਇਆ ਨੀ…
ਜਿਹੜੀ ਕੁੜਮਾ ਜੋਰੋ ਜੱਧਣੀ ਨੀ
ਉਹਨੇ ਜੰਮ ਧਰੇ ਭੇਡੂ ਤਿੰਨ ਚਾਰ ਨੀ
ਆਹ ਕੀ ਚਾਲਾ ਹੋਇਆ ਭੈਣੇ
ਆਹ ਕੀ ਕਾਰਾ ਹੋਇਆ ਨੀ…..
ਲਾੜੇ ਬਾਪੂ ਦੀ ਭੂਰੀ ਭੂਰੀ ਦਾੜ੍ਹੀ
ਵਿਚ ਉੱਗ ਪਈ ਐ ਮਾਰੂ ਜਮਾਰ ਨੀ
ਆਹ ਕੀ ਚਾਲਾ ਹੋਇਆ ਭੈਣੇ
ਆਹ ਕੀ ਕਾਰਾ ਹੋਇਆ ਨੀ….
Sithniyan
ਚੁਗ ਚੁਗ ਪੀਲ੍ਹੜੀਆਂ ਨੀ ਸਈਓ
ਅਸੀਂ ਬਾਰਾਂਦਰੀ ਨੂੰ ਲਾਈਏ
ਲਾੜ੍ਹਾ ਕੱਢੇ ਲੇਲ੍ਹੜੀਆਂ ਨੀ ਸਈਓ
ਕਹਿੰਦਾ ਮੇਰੀ ਬੇਬੇ ਨੂੰ ਬਲਾਈਏ
ਬੇਬੇ ਤਾਂ ਜੀਜਾ ਉਧਲ ਗਈ
ਬੇ ਬਾਪੂ ਨਵੇਂ ਥਾਂ ਬਿਆੲ੍ਹੀਏ
ਪਹਿਲੀ ਤਾਂ ਬੇਬੇ ਟੀਰਮ ਟੀਰੀ
ਬੇ ਹੁਣ ਸੰਨਾਖੀ ਲਿਆਈਏ (ਸੰਜਾਖੀ)
ਪਹਿਲੀ ਤਾਂ ਬੇਬੇ ਕਾਲਮ ਕਾਲੀ
ਬੇ ਹੁਣ ਮੇਮ ਲਿਆਈਏ
ਪਹਿਲੀ ਤਾਂ ਬੇਬੇ ਲੰਗੜੀ ਡੁੱਡੀ
ਬੇ ਹੁਣ ਚਪੈਰੀ ਬੇ ਲਿਆਈਏ (ਚਾਰ ਪੈਰਾਂ ਵਾਲੀ)
ਪਹਿਲੀ ਤਾਂ ਬੇਬੇ ਉੱਲੂ ਬਾਟੀ
ਬੇ ਹੁਣ ਉਡਣੀ ਲਿਆਈਏ
ਪਹਿਲੀ ਤਾਂ ਬੇਬੇ ਤੋਕੜ ਸੀ
ਬੇ ਹੁਣ ਲਵੇਰੀ ਲਿਆਈਏ
ਪਹਿਲੀ ਤਾਂ ਬੇਬੇ ਫੰਡਰ ਸੀ
ਬੇ ਹੁਣ ਗੱਭਣ ਲਿਆਈਏ
“ਫਲਾਣਾ (ਲਾਲ ਸਿੰਘ) ਜੋਰੋ ਦਾ ਗੁਲਾਮ ਵੇ ਜੋਰੋ ਖਸਮ ਬਣੀ
ਪਿੱਛੇ ਤਾਂ ਲਾਇਆ ਯਾਰ ਨੀ ਆਪ ਮੂਹਰੇ ਚਲੀ
ਰਾਹ ਵਿਚ ਆਇਆ ਮੁਲਤਾਨ ਨੀ ਖਸਮਾ ਛੋੜ ਚਲੀ”
“ਭੁੱਲ ਜਾਈਂ ਵੇ ਲਾੜ੍ਹਿਆ ਸਿੱਠਣੀਆਂ ਦੇ ਬੋਲ
ਤੂੰ ਸਾਨੂੰ ਮਹਿੰਗਾ ਵੇ-ਦਈਏ ਸੋਨੇ ਬਰੋਬਰ ਤੋਲ
ਕੁੜਮੋਂ ਸਾਥੋਂ ਉਚਿਓ ਵੇ ਮੰਗਾਂ ਮਾਫੀ ਜਾਂਦੀ ਦੇ ਵਾਰ
ਕਿਹਾ ਸੁਣਿਆ ਮਾਫ ਕਰਿਓ ਜੀ ਸਾਡੀ ਸਿੱਠਣੀ ਫੁੱਲਾਂ ਦੇ
ਵੇ ਜਾਨੋ ਪਿਆਰਿਓ ਵੇ….. ਹਾਰ
“ਤੁਸੀਂ ਫੇਰ ਆਉਣਾ ਜੀ ਤੁਸੀਂ ਫੇਰ ਆਉਣਾ ਜੀ
ਅਸੀਂ ਕਰਾਂਗੇ ਟਹਿਲ ਸਵਾਈ ਤੁਸੀਂ ਫੇਰਾ ਪਾਉਣਾ ਜੀ”
“ਲਾੜ੍ਹਿਆ ਕੱਲੜਾ ਕਿਉਂ ਆਇਆ ਵੇ ਅੱਜ ਦੀ ਘੜੀ
ਨਾਲ ਬੇਬੇ ਕਿਉਂ ਨਾ ਲਿਆਇਆ ਵੇ ਅੱਜ ਦੀ ਘੜੀ”
ਚੀਰਿਆਂ ਵਾਲੇ ਮੇਰੇ ਬੀਰਨ ਆਏ
ਕਲਗੀਆਂ ਆਏ ਸਜਾਏ
ਪੰਜੇ ਬੀਰਨ ਆਏ ਛੱਕਾਂ ਪੂਰਨ
ਨਿੱਗਰ ਭਾਤ ਲਿਆਏ
ਪੰਜ ਤੇਵਰ ਮੇਰੀ ਸੱਸ ਰਾਣੀ ਦੇ
ਦਰਾਣੇ ਜਠਾਣੇ ਵੀ ਨਾਲ ਮਨਾਏ
ਨਣਦੀ ਦਾ ਤਾਂ ਘੂੰਮ ਘਾਗਰਾ
ਲਾਗਣਾਂ ਨੂੰ ਕੁੜਤੀ ਝੋਨੇ ਆਏ (ਦੁਪੱਟੇ)
ਮੈਨੂੰ ਤਾਂ ਨੌਂ ਲੱਖਾਂ ਹਾਰ ਨੀ
ਕੰਤ ਜੀ ਨੂੰ ਕੈਂਠਾ ਘੜਵਾਏ
ਗੱਡਾ ਤਾਂ ਆਇਆ ਭਾਤ ਦਾ ਭਰਿਆ
ਵੀਰਨ ਮਾਂ ਜਾਏ ਆਏ………
ਕਰਤਾਰੋ ਪਰਾਂਦੀਆਂ ਤਣ ਲੈ ਨੀ
ਡੋਰਾਂ ਬੱਟ ਕੇ ਸੁੱਚੀਆਂ
ਨੀ ਆਹ ਤੇਰੀਆਂ ਭਾਬੀਆਂ ਨੀ
ਅਸਲੋਂ ਨੰਗੀਆਂ ਤੇ ਬੁੱਚੀਆਂ
ਸ਼ਰਾਰਤ ਕਰਦੀਆਂ ਨੀ
ਨੀ ਇਹ ਸਿਰੇ ਦੀਆਂ ਲੁੱਚੀਆਂ
ਇਹਨਾਂ ਨਾਨਕੀਆਂ ਨੇ ਮਣ ਮਣ ਖਾਣੇ ਮੰਡੇ
ਇਹਨਾਂ ਨਾਨਕੀਆਂ ਦੇ ਧਰੋ ਮੌਰਾਂ ਤੇ ਡੰਡੇ
ਇਹਨਾ ਨਾਨਕੀਆਂ ਨੇ ਮਣ ਮਣ ਖਾਣੇ ਛੋਲੇ
ਇਹਨਾਂ ਨਾਨਕੀਆਂ ਦੀ ਰੜੇ ਭੰਬੀਰੀ ਬੋਲੇ
ਸੰਨ੍ਹੀ ਤਾਂ ਰਲਾ ਦਿਓ ਗਾਈਆਂ ਨੂੰ
ਖਲ ਕੁੱਟ ਦੋ ਨਾਨਕੀਆਂ ਆਈਆਂ ਨੂੰ
ਕਣਕ ਤੁਲਾ ਦਿਓ ਬਾਣੀਆਂ ਨੂੰ
ਨਾਲੇ ਨਾਨਕੀਆਂ ਮੰਨੋ ਦੇ ਜਾਣੀਆਂ ਨੂੰ
ਬਚੋਲਿਆ ਡੰਡੀ ਮਾਰ ਗਿਆ
ਕਰ ਗਿਆ ਧੋਖਾ ਸਾਡੇ ਨਾਲ
ਲਾੜੇ ਬੇਬੇ ਬੱਦਣੀ ਨਿਕਲੀ
ਭੱਜੀ ਫਿਰਦੀ ਛੜਿਆਂ ਨਾਲ