ਮੈਨੂੰ ਲਾੜੇ ਦੇ ਕੁੜਤੇ ਦਾ ਝੋਰਾ
ਕੀਹਨੇ ਕੁੜਤਾ ਸਿਉਂਤਾ ਸੀ
ਉਹਦੀ ਮਾਂ ਦਾ ਯਾਰ ਦਰਜੀ
ਉਹਨੇ ਕਰੀ ਮਨ ਮਰਜੀ
ਉਹਨੇ ਕੁੜਤਾ ਸਿਉਂਤਾ ਸੀ
ਮੈਨੂੰ ਲਾੜੇ ਦੀ ਜੁੱਤੀ ਦਾ ਝੋਰਾ
ਕੀਹਨੇ ਜੁੱਤੀ ਸਿਉਂਤੀ ਸੀ
ਉਹਦੀ ਅੰਮਾ ਦਾ ਯਾਰ ਮੋਚੀ
ਉਹਨੇ ਦੂਰ ਦੀ ਸੋਚੀ
ਉਹਨੇ ਜੁੱਤੀ ਸਿਉਂਤੀ ਸੀ
Sithniyan
ਕੁੜਮਾ ਤੇਰਾ ਢਿੱਡ ਬੜਾ ਚਟਕੂਣਾ
ਤੂੰ ਤਾਂ ਖਾਂਦਾ ਗਧੇ ਤੋਂ ਬੀ ਦੂਣਾ
ਅੰਬਰ ਦੇ ਤਾਰੇ ਗਿਣ ਦਈਂ
ਬੇ ਨਾਲੇ ਗਿਣਦੀਂ ਭੇਡ ਦੇ ਬਾਲ
ਪੰਜ ਦਿਨ ਬਰਸਿਆ ਮੇਘਲਾ
ਬੇ ਤੂੰ ਕਣੀਆਂ ਗਿਣ ਦੀਂ
ਬੇ ਮਾਂ ਦਿਆਂ ਢੱਕਣਾ ਬੇ-ਨਾਲ
ਵਾ ਵਾ ਕਿ ਗਊਆਂ ਰੰਭਦੀਆਂ
ਮਾਮੇ ਤਾਂ ਸੌਂ ਗਏ ਚੜ੍ਹ ਕੇ ਚੁਬਾਰੇ
ਮਾਮੀਆਂ ਬਹਾਨੇ ਨਾਲ ਖੰਘਦੀਆਂ
ਅੱਠ ਜਿੰਦੇ ਨੌਂ ਕੁੰਜੀਆਂ
ਬੇ ਕੋਈ ਗਿਆਰਾਂ ਬੁਰਜ ਦੇ ਬਾਰ
ਦਸਾਂ ਨੂੰ ਅੰਦਰੋਂ ਬੰਦ ਕਰਾਂ
ਇਕ ਨੂੰ ਬਾਹਰੋਂ ਦਿੰਦੀ ਜਿੰਦਾ
ਬੇ ਸਿਰੇ ਦਿਆ ਮੂਰਖਾ ਬੇ-ਮਾਰ
ਕੁੜਤਾ ਤਾਂ ਜੀਜਾ ਪੱਕੇ ਮੇਚ ਦਾ
ਵਿਚ ਤੂੰ ਡਰਨੇ ਮੰਗੂੰ ਹੱਲੇਂ
ਇਕ ਜਿੰਦਾ ਇਕ ਕੁੰਜੀ ਐ
ਬੇ ਕੋਈ ਗਿਆਰਾਂ ਬੁਰਜ ਦੇ ਬਾਰ
ਪੂਰੇ ਕਿਵੇਂ ਆਉਣਗੇ
ਬੇ ਕੋਈ ਬੈਹਕੇ ਗੱਲ
ਬੇ ਅਨਪੜ੍ਹ ਮੂਰਖਾ ਬੇ-ਬਚਾਰ
ਦਲਮੇਂ ਮਾਂਹ ਕੁੜੇ
ਨੀ ਦਲਮੇਂ ਮਾਂਹ ਕੁੜੇ
ਮਾਮੇ ਨੇ ਮਾਮੀ ਪੁੱਠੀ ਕਰਤੀ
(ਛੜਿਆਂ ਨੇ ਮਾਮੀ ਪੁੱਠੀ ਕਰ ‘ਤੀ)
ਟੰਗਾਂ ਕਰਤੀਆਂ ‘ਤਾਂਹ ਕੁੜੇ
ਅੰਬਰ ਦੀ ਬਣਾ ਕੇ ਜੀਜਾ ਛਾਣਨੀ
ਬੇ ਕੋਈ ਧਰਤੀ ਬਣਾਵਾਂ ਬੇ ਪਰਾਤ
ਸਮੁੰਦਰਾਂ ਦਾ ਪਾਣੀ ਛਾਣ ਦਿਆਂ
ਵੇ ਕੋਈ ਦਿਨ ਦੀ ਬਣਾ ਦਿਆਂ
ਬੇ ਅਨਪੜ੍ਹ ਬੂਝੜਾ- ਬੇ ਰਾਤ
ਪੱਗ ਵੀ ਲਿਆਇਆ ਜੀਜਾ ਮਾਂਗਮੀ
ਕੁੜਤਾ ਲਿਆਇਆ ਬੇ ਚੁਰਾ
ਚਾਦਰਾ ਮੇਰੇ ਬੀਰ ਦਾ
ਮੈਂ ਤਾਂ ਐਥੀ ਲਊਂ
ਬੇ ਨੰਗ ਜਾਤ ਬਦਰਿਆ ਵੇ-ਲੁਹਾ
ਕੋਈ ਢਿੱਡੋਂ ਦੋਹਾ ਸਿੱਖਿਆ ਨੀ ਸੁਣਦੀਏ
ਕੋਈ ਮਨੋ ਚੜ੍ਹਾਇਆ ਨੀ ਅਗਾਸ
ਜੀਭ ਦੋਹੇ ਦੀ ਮਾਈ ਐ
ਤੇ ਮੁੱਖ ਦੋਹੇ ਦਾ
ਨੀ ਸੁਣਦੀਏ ਕੰਨ ਕਰੀਂ ਨੀ- ਬਾਪ
ਪੰਜਾਂ ਦਾ ਮਾਮੀਏ ਲੌਂਗ ਘੜਾ ਲੈ
ਸੱਤਾਂ ਦੀ ਘੜਾ ਲੈ ਨੱਥ ਮਛਲੀ
ਤੇਰੀ ਸੁੱਥਣ ਢਿੱਲੀ ਹੋ ਗੀ ਸੀ
ਛੜਿਆਂ ਚਬਾਰੇ ਜਾ ਕੇ ਕਸ ‘ਲੀ