ਹੋਰਾਂ ਵਾਰੀ ਸੱਸ ਨੇ ਸੁਨੱਖੇ ਮੁੰਡੇ ਜੰਮ ਤੇ
ਮੇਰੇ ਵਾਰੀ ਜੰਮ ਦਿੱਤਾ ਕਾਲਾ ਮੇਰੀ ਸੱਸ ਨੇ
ਇੱਥੇ ਕਰ ਦਿੱਤਾ ਘਾਲਾ ਮਾਲਾ ਮੇਰੀ ਸੱਸ ਨੇ
Nooh Sass
ਸੱਸ ਮੇਰੀ ਨੇ ਜੌੜੇ ਜੰਮੇ,
ਇਕ ਅੰਨਾ ਇੱਕ ਕਾਣਾ,
ਨੀ ਕਹਿੰਦੇ ਕੌਡੀ ਖੇਡਣ ਜਾਣਾ,
ਨੀ ਕਹਿੰਦੇ …….,
ਸੱਸ ਮੇਰੀ ਨੇ ਮੁੰਡੇ ਜੰਮੇ,
ਜੰਮੇ ਪੂਰੇ ਬਾਈ,
ਕਿਹੜਾ ਉਹਨਾਂ ਨੂੰ ਚੁੱਪ ਕਰਾਵੇ,
ਕਿਹੜਾ ਦੇਵੇ ਦਵਾਈ,
ਸੌਂ ਜੋ ਚੁੱਪ ਕਰ ਕੇ,
ਮਾਣੋ ਬਿੱਲੀ ਆਈ,
ਸੌ ਜੋ ….
ਹੋਰਾਂ ਨੂੰ ਦਿੱਤੀਆਂ ਪੰਜ ਪੰਜ ਵੰਗਾਂ,
ਸੱਸ ਨੂੰ ਦੇ ਤੀ ਘੜੀ,
ਵੇ ਮਾਂ ਤੇਰੀ ਟਾਇਮ ਦੇਖ ਕੇ ਲੜੀ,
ਵੇ ਮਾਂ …….
ਕੁੱਟ ਕੁੱਟ ਚੂਰੀਆਂ ਮੈ ਕੋਠੇ ਉੱਤੇ ਪਾਉਦੀ ਆਂ,
ਆਏ ਕਾਂਗੜੇ ਖਾ ਜਾਣਗੇ,
ਉਏ ਨੂੰਹ ਸੱਸ ਦੀ ਲੜਾਈ ਪਾ ਜਾਣਗੇ,
ਉਏ ਨੂੰਹ ……..,
ਸੱਸ ਮੇਰੀ ਤੁਰਦੀ ਆ ਮੋਰਨੀ ਦੀ ਚਾਲ
ਗੋਰਾ ਗੋਰਾ ਰੰਗ ਫੜੇ ਹੱਥ ਚ ਰੁਮਾਲ
ਮੇਰੀ ਸੱਸ ਦੀਆਂ ਸਿਫ਼ਤਾਂ ਲੱਖਾਂ ਨੀ
ਮੈਂ ਕਿਹੜੀ ਕਿਹੜੀ ਦੱਸਾਂ ਨੀ
ਮੈਂਨੂੰ ਦੱਸਦੀ ਨੂੰ ਲੱਗਦੀ ਆ ਸੰਗ ਕੁੜੀਓ
ਮੇਰੀ ਸੱਸ ਦੇ ਬਨੌਟੀ ਦੰਦ ਕੁੜੀਓ
ਨੀਂ ਮੇਰੀ ਸੱਸ ਦੇ ਬਨੌਟੀ ਦੰਦ ਕੁੜੀਓ
ਠੰਡੀ ਬੋਹੜ ਦੀ ਛਾਵੇ,
ਨੀ ਮੈ ਚਰਖਾ ਡਾਹ ਲਿਆ,
ਬਾਹਰੋ ਆਈ ਸੱਸ,
ਨੀ ਉਹਨੇ ਆਢਾ ਲਾ ਲਿਆ,
ਨੀ ਜਦ ਮੈ ਗੱਲ ਮਾਹੀ ਨੂੰ ਦੱਸੀ,
ਨੀ ਉਹਨੇ ਭੰਨਤੀ ਮੇਰੀ ਵੱਖੀ,
ਨੀ ਓਹਨੇ ………
ਗੱਡੇ ਭਰੇ ਲਾਹਣ ਦੇ, ਗੱਡੀਰੇ ਭਰੇ ਲਾਹਣ ਦੇ,
ਹਾਏ ਨੀ ਸੱਸੇ ਹੋਣੀਏ, ਜੋੜੀ ਨੂੰ ਮੇਲੇ ਜਾਣ ਦੇ,
ਹਾਏ ਨੀ …..,
ਤੋੜਣ ਗਈ ਸਾ ਫਲੀਆਂ,
ਤੇ ਤੋੜ ਲਿਆਈ ਭੂਕਾਂ,
ਮੈ ਪੇਕੇ ਸੁਣਦੀ ਸਾਂ,
ਸੱਸੇ ਤੇਰੀਆਂ ਕਰਤੂਤਾਂ,
ਮੈ ਪੇਕੇ …….
ਮੇਰੀ ਸੱਸ ਬੜੀ ਸੁਨੱਖੀ
ਮੈਨੂੰ ਤਾਂ ਪਾਉਣ ਦਿੰਦੀ ਏ ਜੁੱਤੀ
ਨਾਲੇ ਓਹ ਵੀ ਪਾਉਂਦੀ ਏ
ਮੇਰੀ ਸੱਸ ਸਹੇਲੀਆਂ ਵਰਗੀ
ਮੈਨੂੰ ਬੜਾ ਹੀ ਚਾਉਂਦੀ ਏ
ਮੇਰੀ ਸੱਸ ਮਾਵਾ ਦੇ ਵਰਗੀ
ਪੂਰੇ ਲਾਡ ਲਡੋਂਦੀ ਏ..
ਕਦੇ ਨਾ ਤੋਰਿਆ ਸੱਸੇ,
ਹੱਸਦੀ ਨੀ ਖੇਡਦੀ,
ਕਦੇ ਨਾ ਤੋਰਿਆ,
ਨੀ ਕੜਾਹ ਕਰ ਕੇ,
ਸਾਨੂੰ ਤੋਰ ਦੇ ਸੱਸੇ,
ਨੀ ਸਲਾਹ ਕਰ ਕੇ,
ਸਾਨੂੰ ਤੋਰ …….,
ਸੱਸੇ ਨੀ ਸਮਝਾ ਲੈ ਪੁੱਤ ਨੂੰ,
ਘਰ ਨੀ ਬਿਗਾਨੇ ਜਾਂਦਾ,
ਨੀ ਘਰ ਦੀ ਸ਼ੱਕਰ ਬੂਰੇ ਵਰਗੀ,
ਗੁੜ ਚੋਰੀ ਦਾ ਖਾਂਦਾ,
ਨੀ ਚੰਦਰੇ ਨੂੰ ਇਸ਼ਕ ਬੂਰਾ,
ਬਿਨ ਪੌੜੀ ਚੜ੍ਹ ਜਾਂਦਾ,
ਨੀ ਚੰਦਰੇ ..