ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਛੀਨਾ।
ਤੁੜੀ ਖਾਂਦੇ, ਬਲਦ ਹਾਰਗੇ,
ਵਾਹੁਣੋਂ ਰਹੇ ਜ਼ਮੀਨਾਂ।
ਮੁੰਡੇ ਖੁੰਡੇ ਫੈਸ਼ਨ ਕਰਦੇ,
ਬੁਢੜੇ ਖਾਂਦੇ ਫੀਮਾ।
ਛਤਰੀ ਤਾਣ ਕੁੜੀਏ …….
ਆਉਂਦੈ ਕਬੂਤਰ ਚੀਨਾ।
Giddha Boliyan
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਧਾਨੀ।
ਧਾਨੀ ਦਾ ਇੱਕ ਜੱਟ ਸੁਣੀਂਦਾ,
ਗਲ ਵਿੱਚ ਕਾਲੀ ਗਾਨੀ।
ਆਉਂਦੀ ਜਾਂਦੀ ਨੂੰ ਕਰਦਾ ਮਸ਼ਕਰੀ,
ਜੋ ਤੋਰ ਤੁਰੇ ਮਸਤਾਨੀ।
ਲੱਕ ਦੀ ਪਤਨੀ ਨੂੰ ….
ਦੇ ਗਿਆ ਤਵੀਤ ਨਿਸ਼ਨੀ।
ਚਰਖੇ ਨੂੰ ਚੱਕ ਲਾ ਤ੍ਰਿੰਝਣਾਂ ਚੋਂ ਛੇਤੀ ਛੇਤੀ
ਭੱਜ ਲੈ ਜੇ ਭੱਜਿਆ ਜਾਵੇ
ਨੀ ਰੇਸ਼ਮੀ ਗਰਾਰੇ ਵਾਲੀਏ
ਜੱਟ ਬੱਕਰਾ ਬੁਲਾਉਦਾ ਆਵੇ
ਨੀ ਰੇਸ਼ਮੀ ਗਰਾਰੇ ਵਾਲੀਏ
ਜੱਟ ਬੱਕਰੇ ਬੁਲਾਉਂਦਾ ਆਵੇ
ਆਰੀ-ਆਰੀ-ਆਰੀ
ਕੋਠੇ ਚੜ੍ਹ ਕੇ ਦੇਖਣ ਲੱਗੀ
ਲੱਦੇ ਜਾਣ ਵਪਾਰੀ
ਕੋਠੇ ਉੱਤਰਦੀ ਦੇ ਵੱਜਿਆ ਕੰਡਾ
ਕੰਡੇ ਦਾ ਦੁੱਖ ਭਾਰੀ
ਪਹਿਲੇ ਡੋਬ ਮੇਰੀ ਕੁੜਤੀ ਡੋਬਤੀ
ਪਿਛਲੇ ਡੋਬ ਫੁਲਕਾਰੀ
ਦੁੱਖ ਮੇਰੇ ਭਾਗਾਂ ਦਾ
ਛੱਡ ਦੇ ਵੈਦ ਮੇਰੀ ਨਾੜੀ
ਕੁੜਤੀਏ ਟੂਲ ਦੀਏ
ਬੇ-ਕਦਰਿਆਂ ਨੇ ਪਾੜੀ।
ਥੜ੍ਹਿਆਂ ਬਾਝ ਨਾ ਪਿੱਪਲ ਸੋਂਹਦੇ
ਵੰਗਾਂ ਬਾਝ ਨਾ ਕਲਾਈਆਂ
ਸੱਗੀ ਫੁੱਲ ਸਿਰਾਂ ਤੇ ਸੋਂਹਦੇ
ਪੈਰੀਂ ਝਾਂਜਰਾਂ ਪਾਈਆਂ
ਸੂਬੇਦਾਰਨੀਆਂ ਬਣ ਠਣਕੇ ਧੀਆਂ ਵਿੱਚ ਆਈਆਂ
ਸੂਬੇਦਾਰਨੀਆਂ ਬਣ ਠਣਕੇ ਧੀਆਂ ਵਿੱਚ ਆਈਆਂ
ਚਰਖਾ ਮੇਰਾ ਖਾਸ ਕਿੱਕਰ ਦਾ
ਮੈਂ ਟਾਹਲੀ ਦਾ ਪੋਰਾ
ਖਾਣ ਪੀਣ ਦਾ ਹੈ ਨੀ ਘਾਟਾ
ਨਾ ਪਹਿਨਣ ਦਾ ਤੋੜਾ
ਏਸ ਮਝੇਰੂ ਦਾ
ਖਾ ਜੂ ਹੱਡਾਂ ਨੂੰ ਝੋਰਾ।
ਸਾਉਣ ਮਹੀਨਾ ਮੀਂਹ ਪਿਆ ਪੈਂਦਾ
ਸਾਉਣ ਮਹੀਨਾ ਮੀਂਹ ਪਿਆ ਪੈਂਦਾ
ਗੋਡੇ ਗੋਡੇ ਘਾਹ
ਵੇ ਰਲ ਗੱਲਾਂ ਕਰਾਂਗੇ
ਦੋਵੇਂ ਭੈਣ ਭਰਾ
ਵੇ ਰਲ ਗੱਲਾਂ ਕਰਾਂਗੇ
ਆਲੂ ਗੋਭੀ ਮੈਂ ਬਣਾਵਾਂ
ਤਾਜ਼ਾ ਫੁਲਕਾ ਪਕਾਵਾਂ
ਆਉਣਾ ਢੋਲ ਨੇ ਕਾਲਜੋਂ ਪੜ੍ਹਕੇ
ਨੀ ਛਿਟੀਆਂ ਦੀ ਅੱਗ ਨਾ ਬਲੇ
ਐਥੋਂ ਲਿਆਓ ਨੀ
ਛੜੇ ਦੀ ਮੁੱਛ ਫੜ ਕੇ।
ਸਾਉਣ ਮਹੀਨਾ ਮੀਂਹ ਪਿਆ ਪੈਂਦਾ
ਸਾਉਣ ਮਹੀਨਾ ਮੀਂਹ ਪਿਆ ਪੈਂਦਾ
ਗੋਡੇ ਗੋਡੇ ਘਾਹ
ਨੀਂ ਮੈਂ ਰਿੱਧੀਆਂ ਸੇਵੀਆਂ
ਕਮਲੇ ਨੂੰ ਚੜ੍ਹ ਗਿਆ ਚਾਅ
ਨੀ ਮੈਂ ਰਿੱਧੀਆਂ ਸੇਵੀਆਂ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਰੋੜੀ।
ਰੋੜੀ ਦੇ ਵਿੱਚ ਲਗਦਾ ਮੇਲਾ,
ਨਾਲੇ ਲਗਦੀ ਲੋਹੜੀ।
ਸਾਧੂ ਬਣਿਆ, ਵਿਆਹ ਨਾ ਕਰਾਇਆ,
ਸਾਰੇ ਜੱਗ ਦਾ ਕੋਹੜੀ,
ਸੱਪਾਂ ਸੀਹਾਂ ਦੀ,
ਹਰ ਥਾਂ ਜੋੜੀ ਜੋੜੀ।
ਸਾਉਣ ਮਹੀਨਾ ਦਿਨ ਤੀਆਂ ਦੇ
ਸਾਉਣ ਮਹੀਨਾ ਦਿਨ ਤੀਆਂ ਦੇ
ਗੋਡੇ ਗੋਡੇ ਚਾਅ
ਵੇ ਕੀ ਰਾਹ ਨੀ ਜਾਣਦਾ
ਤੀਆਂ ਵੇਖਣ ਆ
ਵੇ ਕੀ ਰਾਹ ਨੀ ਜਾਣਦਾ
ਪਿੰਡ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਦਾ ਖੇੜੀ।
ਰਾਜਪੁਰੇ-ਪਟਿਆਲੇ ਗੱਭੇ,
ਵਸਦਾ ਪਿੰਡ ਧਰੇੜੀ।
ਕੁੜੀਆਂ ਦੇ ਵਿੱਚ ਹੌਲਦਾਰਨੀ,
ਫੈਸ਼ਨ ਕਰਦੀ ਜੇਹੜੀ।
ਤੇਰੀ ਕੀ ਲਗਦੀ…
ਸਜ ਸਜ ਰਹਿੰਦੀ ਜਿਹੜੀ ?