ਰੜਕੇ-ਰੜਕੇ-ਰੜਕੇ,
ਮਹਿੰ ਪਟਵਾਰੀ ਦੀ।
ਦੋ ਲੈ ਗਏ ਚੋਰ ਨੇ ਫੜਕੇ,
ਅੱਧਿਆਂ ਨੂੰ ਚਾਅ ਚੜ੍ਹਿਆ।
ਅੱਧੇ ਰੋਂਦੇ ਨੇ ਮੱਥੇ ਤੇ ਹੱਥ ਧਰਕੇ,
ਝਾਂਜਰ ਪਤਲੋ ਦੀ,
ਵਿੱਚ ਗਿੱਧੇ ਦੇ ਖੜਕੇ।
Giddha Boliyan
ਮਾਲਵੇ ਦੀ ਜੱਟੀ,
ਵੇ ਮੈਂ ਗਿੱਧਿਆਂ ਦੀ ਰਾਣੀ।
ਚੰਨ ਵਰਗੀ ਤੇਰੀ ਨਾਰ ਸੋਹਣਿਆ,
ਕੋਹ ਕਾਫ ਦੀ ਹੂਰ।
ਵੇ ਚੰਡੀਗੜ੍ਹ ਕੋਠੀ ਪਾ ਦੇ,
ਪਿੰਡਾਂ ਵਿੱਚ ਉੱਡਦੀ ਧੂੜ॥
ਸਾਉਣ ਮਹੀਨਾ ਦਿਨ ਗਿੱਧੇ ਦੇ,
ਕੱਠ ਗਿੱਧੇ ਵਿਚ ਭਾਰੀ ।
ਸਭ ਤੋਂ ਸੋਹਣਾ ਨੱਚੇ ਸੰਤੋ,
ਨਰਮ ਰਹੀ ਕਰਤਾਰੀ।
ਲੱਛੀ ਕੁੜੀ ਮਹਿਰਿਆਂ ਦੀ,
ਲੱਕ ਪਤਲਾ ਬਦਨ ਦੀ ਭਾਰੀ।
ਨੱਚ ਲੈ ਸ਼ਾਮ ਕੁਰੇ,
ਤੇਰੀ ਆ ਗਈ ਨੱਚਣ ਦੀ ਵਾਰੀ।
ਤਾਰਾਂ-ਤਾਰਾਂ, ਤਾਰਾਂ,
ਬੋਲੀਆਂ ਦਾ ਪਿੜ ਬੰਨ੍ਹ ਦਿਆਂ,
ਜਿੱਥੇ ਗਿੱਧਾ ਪਾਉਣ ਮੁਟਿਆਰਾਂ।
ਬੋਲੀਆਂ ਦੀ ਛਾਉਣੀ ਪਾ ਦਿਆਂ,
ਜਿੱਥੇ ਫੌਜੀ ਰਹਿਣ ਹਜ਼ਾਰਾਂ।
ਗਿੱਧੇ ਦੇ ਵਿੱਚ ਪਾਉਣ ਬੋਲੀਆਂ,
ਅੱਲ੍ਹੜ ਜਿਹੀਆਂ ਮੁਟਿਆਰਾਂ।
ਨੱਚਦੀ ਨੰਦ ਕੁਰ ਤੋਂ,
ਸਣੇ ਤੋਪ ਟੈਂਕ ਮੈਂ ਵਾਰਾਂ।
ਬੁੜਿਆਂ ਬਾਝ ਨਾ ਸੋਹਣ ਪਿੱਪਲ
ਫੁੱਲਾਂ ਬਾਝ ਫੁਲਾਈਆਂ।
ਹੰਸਾਂ ਨਾਲ ਹਮੇਲਾਂ ਸੋਹਣ,
ਵੰਗਾਂ ਨਾਲ ਕਲਾਈਆਂ।
ਧੰਨ ਭਾਗ ਮੇਰੇ ਆਖੇ ਪਿੱਪਲ,
ਕੁੜੀਆਂ ਨੇ ਪੀਘਾਂ ਪਾਈਆਂ।
ਸਾਉਣ ਵਿੱਚ ਕੁੜੀਆਂ ਨੇ….
ਪੀਘਾਂ ਖੂਬ ਚੜ੍ਹਾਈਆਂ।
ਗਿੱਧਾ ਗਿੱਧਾ ਕਰੇਂ ਮੁਟਿਆਰੇ,
ਗਿੱਧਾ ਪਊ ਬਥੇਰਾ।
ਘੁੰਡ ਚੱਕ ਕੇ ਤੂੰ ਵੇਖ ਰਕਾਨੇ,
ਭਰਿਆ ਪਿਆ ਬਨੇਰਾ।
ਜੇ ਤੈਨੂੰ ਧੁੱਪ ਲੱਗਦੀ,
ਲੈ ਲੈ ਚਾਦਰਾ ਮੇਰਾ।
ਜਾਂ
ਆ ਜਾ ਵੇ ਮਿੱਤਰਾ,
ਲਾ ਲੈ ਦਿਲ ਵਿੱਚ ਡੇਰਾ।
ਸਾਉਣ ਮਹੀਨਾ ਦਿਨ ਗਿੱਧੇ ਦੇ,
ਸਈਆਂ ਝੂਟਣ ਆਈਆਂ।
ਸੰਤੋ ਬੰਤੋ ਦੋ ਮੁਟਿਆਰਾਂ,
ਵੱਡਿਆਂ ਘਰਾਂ ਦੀਆਂ ਜਾਈਆਂ।
ਲੰਬੜਦਾਰਾਂ ਦੀ ਬਚਨੀ ਦਾ ਤਾਂ,
ਚਾਅ ਚੱਕਿਆ ਨਾ ਜਾਵੇ।
ਝੂਟਾ ਦੇ ਦਿਓ ਨੀ,
ਮੇਰਾ ਲੱਕ ਹੁਲਾਰੇ ਖਾਵੇ।
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਮੱਤੀ।
ਉਥੋਂ ਦੀ ਇਕ ਕੁੜੀ ਸੁਣੀਂਦੀ,
ਨਾਂ ਸੀ ਉਹਦਾ ਭੱਪੀ।
ਜਦ ਉਹ ਕਾਲੀ ਕੁੜਤੀ ਪਾਉਂਦੀ,
ਚੁੰਨੀ ਲੈਂਦੀ ਖੱਟੀ।
ਗਿੱਧੇ ਵਿਚ ਨੱਚਦੀ ਫਿਰੇ,
ਬੁਲਬੁਲ ਵਰਗੀ ਜੱਟੀ।
ਕੱਠੀਆਂ ਹੋ ਕੇ ਆਈਆਂ ਗਿੱਧੇ ਵਿੱਚ,
ਇਕੋ ਜਿਹੀਆਂ ਮੁਟਿਆਰਾਂ।
ਹੱਥੀਂ ਚੂੜੇ ਸੂਟ ਗੁਲਾਬੀ,
ਸੱਜ ਵਿਆਹੀਆਂ ਨਾਰਾਂ।
ਇਕ ਕੁੜੀ ਵਿੱਚ ਫਿਰੇ ਕੁਮਾਰੀ,
ਉਹ ਵੀ ਆਖ ਸੁਣਾਵੇ।
ਨੀ ਜੱਟੀਆਂ ਨੇ ਜੱਟ ਕਰ ਲੇ,
ਹੁਣ ਬਾਹਮਣੀ ਕਿੱਧਰ ਨੂੰ ਜਾਵੇ।
ਨੀ ਚੱਕ ਲਿਆ ਟੋਕਰਾ
ਤੁਰ ਪਈ ਰਕਾਨੇ
ਮੈਂ ਵੀ ਮਗਰੇ ਆਇਆ
ਭੀੜੀ ਗਲੀ ਵਿੱਚ ਹੋ ਗਏ ਟਾਕਰੇ
ਦੁੱਧ ਦਾ ਗਲਾਸ ਫੜਾਇਆ
ਜੇ ਡਰ ਮਾਪਿਆਂ ਦਾ
ਮਗਰ ਕਾਸਨੂੰ ਲਾਇਆ।
ਆਰੇ! ਆਰੇ!! ਆਰੇ!!!
ਪੁੱਤ ਸਰਦਾਰਾਂ ਦੇ,
ਵਿਹਲੇ ਰਹਿ ਰਹਿ ਹਾਰੇ।
ਸਰਦਾਰ ਰੰਧਾਵੇ ਨੇ,
ਭਰਤੀ ਕਰ ਲੇ ਸਾਰੇ।
ਲੈਵਲ ਵਰਕਰ ਨੂੰ…..,
ਨਾ ਝਿੜਕੀਂ ਮੁਟਿਆਰੇ।
ਨੀ ਚੱਕ ਲਿਆ ਚਰਖਾ
ਧਰ ਲਿਆ ਢਾਕ ਤੇ
ਹੋਈ ਕੱਤਣੇ ਦੀ ਤਿਆਰੀ
ਧਰ ਕੇ ਚਰਖਾ ਚੜ੍ਹ ਗਈ ਪੌੜੀਆਂ
ਤੰਦ ਨਰਮੇ ਦੇ ਪਾਵੇ
ਆਖੇ ਤੂੰ ਲੱਗ ਜਾ ਨੀ
ਸੱਪ ਲੜ ਕੇ ਮਰ ਜਾਵੇਂ।