ਕੱਠੀਆਂ ਹੋ ਕੁੜੀਆਂ ਆਈਆਂ ਗਿੱਧੇ ਵਿੱਚ
ਗਿਣਤੀ ’ਚ ਪੂਰੀਆਂ ਚਾਲੀ
ਚੰਦਕੁਰ, ਸਦਕੁਰ, ਸ਼ਾਮੋ, ਬਿਸ਼ਨੀ
ਸਭ ਦੇ ਵਰਦੀ ਕਾਲੀ
ਸਭ ਤੋਂ ਸੋਹਣਾ ਨੱਚੇ ਰਾਣੀ
ਮੁੱਖ ਤੇ ਗਿੱਠ-ਗਿੱਠ ਲਾਲੀ
ਗਿੱਧਾ ਪਾਓ ਕੁੜੀਓ
ਹੀਰ ਆ ਗਈ ਸਿਆਲਾਂ ਵਾਲੀ
Giddha Boliyan
ਸਾਡੇ ਪਿੰਡ ਦੇ ਮੁੰਡੇ ਦੇਖ ਲਓ,
ਜਿਉਂ ਟਾਹਲੀ ਦੇ ਪਾਵੇ।
ਕੰਨੀਦਾਰ ਏਹ ਬੰਨ੍ਹਦੇ ਚਾਦਰੇ,
ਪਿੰਜਣੀ ਨਾਲ ਛੁਹਾਵੇ।
ਦੁਧੀਆ ਕਾਸ਼ਨੀ ਬੰਦੇ ਸਾਫੇ,
ਜਿਉਂ ਉਡਿਆ ਕਬੂਤਰ ਜਾਵੇ।
ਏਹਨਾਂ ਮੁੰਡਿਆਂ ਦੀ,
ਸਿਫਤ ਕਰੀ ਨਾ ਜਾਵੇ।
ਸਾਉਣ ਦਾ ਮਹੀਨਾ
ਪੈਂਦੀ ਤੀਆਂ ’ਚ ਧਮਾਲ ਵੇ
ਗਿੱਧੇ ਵਿੱਚ ਜਦੋਂ ਨੱਚੂੰ
ਕਰਦੂੰ ਕਮਾਲ ਵੇ
ਮੁੜ ਜਾ ਸ਼ੌਕੀਨਾ
ਮੈਂ ਨੀ ਜਾਣਾ ਤੇਰੇ ਨਾਲ ਵੇ।
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਤੀਤਾ।
ਉਸ ਪਿੰਡ ਦੇ ਗੱਭਰੂ ਸੁਣੀਂਦੇ,
ਮੱਖਣ ਤੇ ਇੱਕ ਜੀਤਾ।
ਪਹਿਲੇ ਸੂਏ ਮੱਝ ਲਵੇਰੀ,
ਡੋਕੇ ਦਾ ਦੁੱਧ ਪੀਤਾ।
ਹੁੰਮ ਹੁਮਾ ਕੇ ਚੜ੍ਹੀ ਜੁਆਨੀ,
ਬਣਿਆ ਸੁਰਖ ਪਪੀਤਾ।
ਪਹਿਲਾਂ ਹੋ ਗਿਆ ਮੱਖਣ ਭਰਤੀ,
ਮਗਰੋਂ ਹੋ ਗਿਆ ਜੀਤਾ।
ਸੁਬੇਦਾਰਾ ਹਿੱਕ ਮਿਣਲੈ,
ਫੜ ਕੇ ਰੇਸ਼ਮੀ ਕੀਤਾ।
ਨੀ ਮੈਂ ਆਵਾਂ ਆਵਾਂ
ਨੀ ਮੈਂ ਨੱਚਦੀ ਝੂਮਦੀ ਆਵਾਂ
ਮੇਰਾ ਨੱਚਦਾ ਪਰਾਂਦਾ
ਕਾਲੇ ਸੱਪ ਵਰਗਾ
ਤੇਰਾ ਲਾਰਾ ਵੇ
ਸ਼ਰਾਬੀਆਂ ਦੀ ਗੱਪ ਵਰਗਾ।
ਰੜਕੇ-ਰੜਕੇ-ਰੜਕੇ
ਮਹਿੰ ਪਟਵਾਰੀ ਦੀ
ਦੋ ਲੈ ਗਏ ਚੋਰ ਨੇ ਫੜਕੇ
ਅੱਧਿਆਂ ਨੂੰ ਚਾਅ ਚੜ੍ਹਿਆ
ਅੱਧੇ ਰੋਂਦੇ ਨੇ ਮੱਥੇ ਤੇ ਹੱਥ ਧਰਕੇ
ਝਾਂਜਰ ਪਤਲੇ ਦੀ
ਵਿੱਚ ਗਿੱਧੇ ਦੇ ਖੜਕੇ
ਮੇਰੀ ਦੁਨੀਆਂ ਬਣਾ ਦੇ ਹਨ੍ਹੇਰੀ,
ਵੇ ਛੁਪ ਜਾ ਚੰਨ ਵੈਰੀਆ।
ਸਾਉਣ ਮਹੀਨਾ ਦਿਨ ਗਿੱਧੇ ਦੇ
ਕੱਠ ਗਿੱਧੇ ਵਿੱਚ ਭਾਰੀ
ਸਭ ਤੋਂ ਸੋਹਣਾ ਨੱਚੇ ਸੰਤੋ
ਨਰਮ ਰਹੀ ਕਰਤਾਰੀ
ਲੱਛੀ ਕੁੜੀ ਮਹਿਰਿਆਂ ਦੀ
ਲੱਕ ਪਤਲਾ ਬਦਨ ਦੀ ਭਾਰੀ
ਨੱਚ ਲੈ ਸ਼ਾਮ ਕੁਰੇ
ਤੇਰੀ ਆ ਗਈ ਨੱਚਣ ਦੀ ਵਾਰੀ।
ਤਾਰਾਂ-ਤਾਰਾਂ-ਤਾਰਾਂ
ਬੋਲੀਆਂ ਦਾ ਪਿੜ ਬੰਨ੍ਹ ਦਿਆਂ
ਜਿੱਥੇ ਗਿੱਧਾ ਪਾਉਣ ਮੁਟਿਆਰਾਂ
ਬੋਲੀਆਂ ਦੀ ਛਾਉਣੀ ਪਾ ਦਿਆਂ
ਜਿੱਥੇ ਫੌਜੀ ਰਹਿਣ ਹਜ਼ਾਰਾਂ
ਗਿੱਧੇ ਦੇ ਵਿੱਚ ਪਾਉਣ ਬੋਲੀਆਂ
ਅੱਲ੍ਹੜ ਜਿਹੀਆਂ ਮੁਟਿਆਰਾਂ
ਨੱਚਦੀ ਨੰਦ ਕੁਰ ਤੋਂ
ਸਣੇ ਤੋਪ ਟੈਂਕ ਮੈਂ ਵਾਰਾਂ ।
ਛਮ ਛਮ ਛਮ ਛਮ ਪੈਣ ਫੁਹਾਰਾਂ,
ਮੌਸਮੀ ਰੰਗ ਨਿਆਰੇ।
ਆਉ ਕੁੜੀਉ ਗਿੱਧਾ ਪਾਈਏ,
ਸੌਣ ਸੈਨਤਾਂ ਮਾਰੇ।
ਫੇਰ ਕਦ ਨੱਚਣਾ ਨੀ…..
ਹੁਣ ਨੱਚਦੇ ਨੇ ਸਾਰੇ।
ਸੌਣ ਮਹੀਨਾ ਘਾਹ ਹੋ ਗਿਆ,
ਰਜੀਆਂ ਮੱਝਾਂ ਗਾਈਂ।
ਗਿੱਧਿਆ ਪਿੰਡ ਵੜ ਵੇ,
ਲਾਂਭ ਲਾਂਭ ਨਾ ਜਾਈਂ
ਸੌਣ ਮਹੀਨੇ ਪਿੱਪਲੀਂ ਪੀਂਘਾਂ,
ਸਭੇ ਸਹੇਲੀਆਂ ਆਈਆਂ।
ਭਿੱਜ ਗਈ ਰੂਹ ਮਿੱਤਰਾ
ਚੜ੍ਹ ਘਟਾ ਜਦ ਆਈਆਂ।
ਸਾਉਣ ਮਹੀਨਾ ਦਿਨ ਗਿੱਧੇ ਦੇ
ਸਈਆਂ ਝੂਟਣ ਆਈਆਂ
ਸੰਤੋ ਬੰਤੋ ਦੋ ਮੁਟਿਆਰਾਂ
ਵੱਡਿਆਂ ਘਰਾਂ ਦੀਆਂ ਜਾਈਆਂ
ਲੰਬੜਦਾਰਾਂ ਦੀ ਬਚਨੀ ਦਾ ਤਾਂ
ਚਾਅ ਚੱਕਿਆ ਨਾ ਜਾਵੇ ।
ਝੂਟਾ ਦੇ ਦਿਓ ਨੀ
ਮੇਰਾ ਲੱਕ ਹੁਲਾਰੇ ਖਾਵੇ।