ਰਾਇਆ, ਰਾਇਆ, ਰਾਇਆ !
ਕੈਦ ਅੱਜ ਮੁੱਕ ਗਈ ਯਾਰ ਦੀ,
ਅੱਖੀਆਂ ਦਾ ਜਾਲ ਵਿਛਾਇਆ।
ਅੱਖੀਆਂ ’ਚ ਰਾਤ ਲੰਘ ਗੀ,
ਪਰ ਯਾਰ ਅਜੇ ਨਾ ਆਇਆ।
ਭੁੱਖ ਨਾਲ ਰੋਣ ਆਂਦਰਾਂ,
ਰੋਵੇ ਰੰਗਲਾ ਪਲੰਘ ਡਹਾਇਆ।
ਉਡੀਕਾਂ ਯਾਰ ਦੀਆਂ,
ਦੁੱਧ ਨੂੰ ਜਾਗ ਨਾ ਲਾਇਆ।
Giddha Boliyan
ਨਿੱਕੀ-ਨਿੱਕੀ ਕਣੀ ਦਾ ਮੀਂਹ ਵਰਸੇਂਦਾ
ਛੜਿਆਂ ਦਾ ਢਹਿ ਗਿਆ ਕੋਠਾ
ਛੜਿਆ ਪੁੰਨ ਕਰ ਵੇ
ਤੇਰਾ ਭਰਿਆ ਜਹਾਜ਼ ਖਲੋਤਾ
ਮਧਰੋਂ ਐਂ ਤੁਰਦੀ
ਜਿਵੇਂ ਤੁਰਦਾ ਸੜਕ ਤੇ ਬੋਤਾ
ਵਿੱਚ ਦਰਿਆਵਾਂ ਦੇ
ਖਾ ਗੀ ਸੋਹਣੀਏ ਗੋਤਾ।
ਦਾਣਾ! ਦਾਣਾ! ਦਾਣਾ!
ਮੁੰਦਰੀ ਨਿਸ਼ਾਨੀ ਲੈ ਗਿਆ,
ਛੱਲਾ ਦੇ ਗਿਆ ਖਸਮ ਨੂੰ ਖਾਣਾ।
ਕੋਠੇ ਕੋਠੇ ਆ ਜਾਵੀਂ,
ਮੰਜਾ ਸਾਹਮਣੇ ਚੁਬਾਰੇ ਵਿੱਚ ਡਾਹੁਣਾ।
ਕਿਹੜਾ ਸਾਲਾ ਧੌਣ ਚੁੱਕਦਾ,
ਅੱਗ ਲਾ ਕੇ ਫੂਕ ਦੂ ਲਾਣਾ।
ਬੀਹੀ ਵਿਚ ਯਾਰ ਘੇਰਿਆ,
ਮੈਂ ਵੀ ਨਾਲ ਮਰ ਜਾਣਾ।
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਝੇਰੇ।
ਚਲੋ ਭਰਾਵੋ ਜੰਝ ਚੜ੍ਹ ਚੱਲੀਏ,
ਪਾ ਸ਼ਗਨਾਂ ਦੇ ਸੇਹਰੇ।
ਗਲ ਵਿਚ ਪਾ ਲਓ ਹਾਰ ਫੁੱਲਾਂ ਦੇ,
ਬਾਗੀਂ ਫੁੱਲ ਬਥੇਰੇ।
ਸ਼ਗਨਾਂ ਵਾਲਿਆਂ ਰਾਹ ਰੋਕ ਲਈ,
ਕੁੜੀਆਂ ਘੱਤ ਲਏ ਘੇਰੇ।
ਹੀਰ ਮਜਾਜਣ ਦੇ,
ਹੁਣ ਪੜ੍ਹ ਦੇ ਬਾਹਮਣਾਂ ਫੇਰੇ।
ਠਾਰਾਂ ਚੱਕ ਦੇ ਚੋਬਰ ਸੁਣੀਂਦੇ,
ਜਿਉਂ ਮਾਹਾਂ ਦੀ ਬੋਰੀ।
ਦੁੱਧ ਮਲਾਈਆਂ ਖਾ ਕੇ ਪਲ ਗਏ,
ਰੰਨ ਭਾਲਦੇ ਗੋਰੀ।
ਗਿੱਟਿਓ ਮੋਟੀ ਪਿੰਜਣੀ ਪਤਲੀ,
ਜਿਉਂ ਗੰਨੇ ਦੀ ਪੋਰੀ।
ਕਾਲੀ ਨਾਲ ਵਿਆਹ ਨਾ ਕਰਾਉਂਦੇ,
ਰੰਨ ਭਾਲਦੇ ਗੋਰੀ।
ਰੋਂਦੀ ਚੁੱਪ ਨਾ ਕਰੇ,
ਸਿਖਰ ਦੁਪਹਿਰੇ ਤੋਗੇ।
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਰਾਈਆਂ।
ਤੀਆਂ ਦੇ ਵਿੱਚ ਯਾਦਾਂ ਤੇਰੀਆਂ,
ਪੇਕਿਆਂ ਨੂੰ ਲੈ ਆਈਆਂ।
ਹਾੜ੍ਹ ਮਹੀਨੇ ਮਾਨਣ ਛਾਵਾਂ,
ਪੰਛੀ, ਪਸ਼ੂ ਤੇ ਗਾਈਆਂ।
ਜੁਗ ਜੁਗ ਜਿਊਂਦਾ ਰਹਿ ਤੂੰ ਯਾਰਾ,
ਪੀਘਾਂ ਨਾਲ ਝੁਟਾਈਆਂ।
ਪਿੱਪਲਾ ਸੌਂਹ ਤੇਰੀ,
ਨਾ ਝੱਲੀਆਂ ਜਾਣ ਜੁਦਾਈਆਂ।
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਰਾਵਾਂ।
ਚਾਰੇ ਪਾਸੇ ਤੂਤ ਟਾਹਲੀਆਂ,
ਠੰਡੀਆਂ ਠੰਡੀਆਂ (ਮਿੱਠੀਆਂ) ਛਾਵਾਂ।
ਉਥੇ ਦੀ ਇਕ ਛੈਲ ਛਬੀਲੀ,
ਜੀਹਦੇ ਢੋਲ ਦਾ ਫੌਜ ‘ਚ ਨਾਵਾਂ।
ਬਿਨ ਮੁਕਲਾਈ ਛੱਡ ਗਿਆ ਉਹਨੂੰ,
ਲੈ ਕੇ ਚਾਰ ਕੁ ਲਾਮਾਂ।
ਚਿੱਠੀਆਂ ਪਾਵੇ, ਆਪ ਨਾ ਆਵੇ,
ਨਾ ਭੇਜੇ ਸਿਰਨਾਵਾਂ।
ਰੁੱਸੇ ਹੋਏ ਢੋਲਣ ਦਾ…..
ਮੈਂ ਕੀ ਲਾਜ ਬਣਾਵਾਂ।
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿਡ ਸੁਣੀਂਦਾ ਰਾਣੀ।
ਘੁੰਡ ਦਾ ਏਥੇ ਕੰਮ ਕੀ ਗਿੱਧੇ ਵਿੱਚ,
ਏਥੇ ਤੇਰੇ ਹਾਣੀ।
ਜਾ ਘੁੰਡ ਕੱਢਦੀ ਬਹੁਤੀ ਸੋਹਣੀ,
ਜਾਂ ਘੁੰਡ ਕੱਢਦੀ ਕਾਣੀ।
ਤੂੰ ਤਾਂ ਮੈਨੂੰ ਦਿਸੇਂ ਸ਼ੁਕੀਨਣ,
ਘੁੰਡ ’ਚੋਂ ਅੱਖ ਪਛਾਣੀ।
ਖੁੱਲ੍ਹ ਕੇ ਨੱਚ ਲੈ ਨੀ…..
ਬਣ ਜਾ ਗਿੱਧੇ ਦੀ ਰਾਣੀ।
ਪਿੰਡ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਧੂਰੀ।
ਧੁਰੀ ਦੇ ਦੋ ਮੁੰਡੇ ਸੁਣੀਂਦੇ,
ਕੋਲੇ ਰੱਖਣ ਕਤੂਰੀ।
ਪਹਿਲਾਂ ਉਹਨੂੰ ਦੁੱਧ ਪਿਆਉਂਦੇ,
ਫੇਰ ਖੁਆਉਂਦੇ ਚੂਰੀ।
ਮੇਰੇ ਹਾਣ ਦੀਏ,
ਨੱਚ ਨੱਚ ਹੋ ਜਾ ਦੂਹਰੀ।
ਧਾਈਆਂ-ਧਾਈਆਂ-ਧਾਈਆਂ
ਸੰਗਦੀ ਸੰਗਾਉਂਦੀ ਨੇ
ਅੱਖਾਂ ਹਾਣ ਦੇ ਮੁੰਡੇ ਨਾਲ ਲਾਈਆਂ
ਕੋਲ ਹਵੇਲੀ ਦੇ
ਫੇਰ ਜੱਟ ਨੇ ਬੈਠਕਾਂ ਪਾਈਆਂ
ਡਾਂਗਾਂ ਖੜਕਦੀਆਂ
ਸੱਥ ਵਿੱਚ ਹੋਣ ਲੜਾਈਆ।
ਕਾਲਜ ਦੇ ਵਿੱਚ ਪੜ੍ਹਦਾ ਮੁੰਡਿਆ
ਖਾਨੈਂ ਸ਼ਹਿਰ ਦੇ ਮੇਵੇ
ਆਉਂਦੀ ਜਾਂਦੀ ਨੂੰ ਨਿੱਤ ਵੇ ਛੇੜਦਾ
ਮਨ ਵਿੱਚ ਬਹਿ ਗਿਆ ਮੇਰੇ
ਖੜ੍ਹ ਕੇ ਗੱਲ ਸੁਣ , ਨਾਲ ਚੱਲੂੰਗੀ ਤੇਰੇ ।
ਝਾਵਾਂ-ਝਾਵਾਂ-ਝਾਵਾਂ
ਮਿੱਤਰਾਂ ਦੇ ਫੁਲਕੇ ਨੂੰ
ਨੀ ਮੈਂ ਖੰਡ ਦਾ ਪੜੇਥਣ ਲਾਵਾਂ
ਜਿੱਥੋਂ ਯਾਰਾ ਤੂੰ ਲੰਘਦਾ .
ਪੈੜ ਚੁੰਮ ਕੇ ਹਿੱਕ ਨਾਲ ਲਾਵਾਂ
ਮੁੜ ਕੇ ਤਾਂ ਦੇਖ ਮਿੱਤਰਾ
ਤੇਰੇ ਮਗਰ ਮੇਲ੍ਹਦੀ ਆਵਾਂ।