ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਪਾਰੀ।
ਛੜਿਆਂ ਦੇ ਅੱਗ ਨੂੰ ਗਈ,
ਚੱਪਣੀ ਵਗਾਹ ਕੇ ਮਾਰੀ।
ਛੜਾ ਗੁਆਂਢ ਬੁਰਾ,
ਹੁੰਦੀ ਬੜੀ ਖੁਆਰੀ।
ਛੜਿਓ ਮਰ ਜੋ ਵੇ..
ਪਾਵੇ ਵੈਣ ਕਰਤਾਰੀ।
Giddha Boliyan
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਆਲਾ।
ਇਸ਼ਕੇ ਦਾ ਰੋਗ ਚੰਦਰਾ,
ਵੈਦ ਕੋਈ ਨੀ ਮਿਟਾਵਣ ਵਾਲਾ।
ਇਸ਼ਕ ਹਕੀਕੀ ਹੈ,
ਰੱਬ ਆਪ ਹੀ ਸਿਖਾਵਣ ਵਾਲਾ।
ਆਸ਼ਕ ਲੋਕਾਂ ਦਾ………,
ਕੌਣ ਬਣੂ (ਰਖਵਾਲਾ) ਸਰ੍ਹਵਾਲਾ।
ਆਲਾ-ਆਲਾ-ਆਲਾ
ਬਾਹਮਣਾਂ ਦੀ ਬੰਤੋ ਦੇ
ਗੱਲ ਤੇ ਟਿਮਕਣਾ ਕਾਲਾ
ਰੰਗ ਦੀ ਕੀ ਸਿਫਤ ਕਰਾਂ
ਚੰਨ ਲੁਕਦਾ ਸ਼ਰਮ ਦਾ ਮਾਰਾ
ਰੇਸ਼ਮੀ ਰੁਮਾਲ ਕੁੜੀ ਦਾ
ਸੁਰਮਾ ਧਾਰੀਆਂ ਵਾਲਾ
ਵਿਆਹ ਕੇ ਲੈਜੂਗਾ
ਵੱਡਿਆਂ ਨਸੀਬਾਂ ਵਾਲਾ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਘਾਵੇ।
ਦਿਸ਼ਾ ਹੁੰਦੀਆਂ ਸਦਾ ਹੀ,
ਚਾਰੇ ਹੁੰਦੇ ਪਾਵੇ।
ਜੋ ਏਹ ਗੱਲ ਨਾ ਸਮਝੇ ,
ਸੋਈ ਥਹੁ ਨਾ ਪਾਵੇ।
ਸੋਹਣੇ ਯਾਰਨ ਦੇ
ਨਿੱਤ ਮੁਕਲਾਵੇ ਜਾਵੇ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਝਾਵਾਂ।
ਨ੍ਹੇਰਾ ਹੋ ਗਿਆ ਵੇ,
ਤੱਕਦੀ ਤੇਰੀਆਂ ਰਾਹਵਾਂ।
ਮਿੱਤਰਾਂ ਦੀ ਜਾਗਟ ਤੇ,
ਘੁੰਡ ਕੱਢ ਕੇ, ਬੂਟੀਆਂ ਪਾਵਾਂ।
ਸੋਹਣੇ ਯਾਰਾਂ ਦੇ………,
ਨਿੱਤ ਮੁਕਲਾਵੇ ਜਾਵਾਂ।
ਦਾਣਾ-ਦਾਣਾ-ਦਾਣਾ
ਮੁੰਦਰੀ ਨਿਸ਼ਾਨੀ ਲੈ ਗਿਆ
ਛੱਲਾ ਦੇ ਗਿਆ ਖਸਮ ਨੂੰ ਖਾਣਾ
ਕੋਠੇ ਕੋਠੇ ਆ ਜਾਵੀਂ
ਮੰਜਾ ਸਾਹਮਣੇ ਚੁਬਾਰੇ ਡਾਹਣਾ ।
ਕਿਹੜਾ ਸਾਲਾ ਧੌਣ ਚੁੱਕਦਾ
ਅੱਗ ਲਾ ਕੇ ਫੂਕ ਦੂ ਲਾਣਾ ,
ਬੀਹੀ ਵਿੱਚ ਯਾਰ ਘੇਰਿਆ
ਮੈਂ ਵੀ ਨਾਲ ਮਰ ਜਾਣਾ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਦਾ, ਢਾਹੇ।
ਗੋਰਾ ਰੰਗ, ਸ਼ਰਬਤੀ ਅੱਖੀਆਂ,
ਉੱਡਦੇ ਪੰਛੀ ਫਾਹੇ।
ਨੈਣ ਨੈਣਾਂ ‘ਚੋਂ ਘੁੱਟ ਭਰ ਲੈਂਦੇ,
ਲੈਣ ਜੁੱਗਾਂ ਦੇ ਲਾਹੇ।
ਰੋਟੀ (ਭੱਤਾ) ਲੈ ਕੇ ਖੇਤ ਨੂੰ ਚੱਲੀ..
ਮੂਹਰੇ ਜੇਠ ਬੱਕਰਾ ਹਲ ਵਾਹੇ।
ਢਾਈਆਂ-ਢਾਈਆਂ-ਢਾਈਆਂ
ਤੀਆਂ ਵਿੱਚ ਦੋ ਕੁੜੀਆਂ
ਜਿਨ੍ਹਾਂ ਰੇਸ਼ਮੀ ਜਾਕਟਾਂ ਪਾਈਆਂ
ਜ਼ੋਰ ਦਾ ਹੁਲਾਰਾ ਮਾਰ ਕੇ
ਹਿੱਕਾਂ ਅੰਬਰਾਂ ਨਾਲ ਜੁੜਾਈਆਂ
ਪੀਂਘਾਂ ਝੂਟਦੀਆਂ
ਵੱਡਿਆਂ ਘਰਾਂ ਦੀਆਂ ਜਾਈਆਂ।
ਗੋਰੀਆਂ ਬਾਹਵਾਂ ਦੇ
ਵਿੱਚ ਛਣਕੇ ਚੂੜਾ
ਮਹਿੰਦੀ ਵਾਲੇ ਪੈਰਾਂ ‘ਚ
ਪੰਜੇਬ ਛਣਕੇ
ਅੱਜ ਨੱਚਣਾ
ਗਿੱਧੇ ਦੇ ਵਿੱਚ ਲਾਟ ਬਣਕੇ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਕਿਵਾਣਾ।
ਸਾਹਨੇ ਕੋਲ, ਸਾਹਨੀ ਸੁਣੀਂਦੀ,
ਕਟਾਣੀ ਕੋਲ, ਕਟਾਣਾ।
ਜਰਗ ਕੋਲ, ਜਰਗੜੀ ਵਸਦੀ,
ਮੱਲੀ ਪੁਰ-ਜਟਾਣਾ।
ਰਹਿਣਾ, ਚੁੱਪ ਕਰ-ਕੇ…..,
ਏਦੂੰ ਕੌਣ ਸਿਆਣਾ।
ਧਾਈਆਂ! ਧਾਈਆਂ! ਧਾਈਆਂ!
ਸੰਗਦੀ ਸੰਗਾਉਂਦੇ ਨੇ,
ਅੱਖਾਂ ਹਾਣ ਦੇ ਮੁੰਡੇ ਨਾਲ ਲਾਈਆਂ।
ਕੋਲ ਹਵੇਲੀ ਦੇ,
ਦੋ ਜੱਟ ਨੇ ਬੈਠਕਾਂ ਪਾਈਆਂ।
ਕੱਲ੍ਹ ਮੇਰੇ ਭਾਈਆਂ ਨੇ,
ਪੰਜ ਰਫ਼ਲਾਂ ਲਸੰਸ ਕਰਾਈਆਂ।
ਡਾਂਗਾਂ ਖੜਕਦੀਆਂ
ਸੱਥ ਵਿਚ ਹੋਣ ਲੜਾਈਆਂ।
ਕਾਨਾ-ਕਾਨਾ-ਕਾਨਾ
ਖੂਹ ਤੇ ਡੋਲ ਪਿਆ
ਫਿਰ ਪਾਣੀ ਭਰਨ ਰਕਾਨਾ
ਥੋੜ੍ਹੀ ਥੋੜ੍ਹੀ ਮੈਂ ਭਿੱਜ ਗਈ
ਬਹੁਤਾ ਭੱਜਿਆ ਯਾਰ ਬਿਗਾਨਾ
ਮੁੱਖ ਤੇ ਮੁੱਖ ਧਰ ਕੇ
ਸੌਂ ਜਾ ਛੈਲ ਜਵਾਨਾਂ।