ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਰੇਹੜਾ।
ਦੇਹਲੀ ਵਿੱਚ ਡਾਹ ਲਿਆ ਚਰਖਾ,
ਮਹਿਕ ਗਿਆ ਘਰ ਵਿਹੜਾ।
ਪੂਣੀਆਂ ਦੋ ਕੱਤੀਆਂ,
ਟੁੱਟ ਪੈਣੇ ਦਾ ਗਿਆਰਵਾਂ ਗੇੜਾ।
ਨਾਜਕ ਪਤਲੋ ਨੂੰ………..,
ਪਾ ਲਿਆ ਨਾਗ-ਵਲ ਕਿਹੜਾ ?
Giddha Boliyan
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਪੋਲੇ।
ਜਾਂ ਤੇਰਾ ਦਿਲ ਬੋਲੇ,
ਜਾਂ ਦਿਲ ਦਾ ਸੰਸਾ ਬੋਲੇ।
ਮੈਂ ਤਾਂ ਕਰ ਜਿਗਰਾ,
ਦਿਲ ਆਪਣੇ ਨੇ ਫੋਲੇ।
ਕੂੰਜ ਕੁਆਰੀ ਦਾ……..,
ਦਿਲ ਖਾਵੇ ਹਟਕੋਲੇ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਪੋਹਲੇ।
ਆਉਂਦੀ ਜਾਂਦੀ ਦੀ,
ਗੱਡੀ ਰੁਕ ਜੈ ਵਣਾਂ ਦੇ ਓਹਲੇ।
ਵਿੱਚ ਬੈਠੀ ਮੈਂ ਰੋਵਾਂ,
ਗੋਦੀ ਵਿੱਚ ਰੋਣ ਪਟੋਲੇ।
ਟੁੱਟਗੀ ਯਾਰੀ ਤੋਂ…….,
ਗਾਲ੍ਹ ਬਿਨਾਂ ਨਾ ਬੋਲੇ।
ਕਾਸਾ-ਕਾਸਾ-ਕਾਸਾ
ਗੱਲਾਂ ਗਿਆਨ ਦੀਆਂ
ਲੋਕਾਂ ਭਾਣੇ ਤਮਾਸ਼ਾ
ਇੱਕ ਦਿਨ ਫੁੱਟ ਜੇਂ ਗਾ
ਸੋਹਣਿਆਂ ਕੰਚ ਗਲਾਸਾ
ਚਿੱਟਿਆਂ ਦੰਦਾਂ ਤੇ
ਰੋਜ਼ ਮਲੇ ਦੰਦਾਸਾ
ਮਜਨੂੰ ਸੁੱਕ ਕੇ ਤਾਂਬੜ ਹੋ ਗਿਆ
ਰੱਤ ਰਹੀ ਨਾ ਮਾਸਾ
ਰਾਂਝੇ ਪੰਛੀ ਨੇ
ਭੰਨਤਾ ਬਾਰ ਅੱਗੇ ਕਾਸਾ
ਜਾਂਦਾ ਸੁਰਗਾਂ ਨੂੰ
ਦੋ ਨੈਣਾਂ ਦਾ ਪਿਆਸਾ।
ਰੜਕੇ-ਰੜਕੇ-ਰੜਕੇ
ਬਾਹਾਂ ਪਤਲੀਆਂ ਚੂੜਾ ਮੋਕਲਾ
ਬਾਹਾਂ ਦੇ ਵਿੱਚ ਖੜਕੇ
ਮਿਰਜ਼ੇ ਨੂੰ ਮਾਰਨਗੇ
ਆ ਗਏ ਦਮੂਖਾਂ ਫੜਕੇ ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਦਾ, ਘਾਰ।
ਜੇ ਅਸੀਂ ਵਾਹਗਿਓਂ ਉਰਾਰ ਬੈਠੇ,
ਤੇ ਤੁਸੀਂ ਜੇ ਵਾਹਗਿਓਂ ਪਾਰ ਬੈਠੇ।
ਵਾਹੁਣ ਭਜਦਿਆਂ ਨੂੰ ਹੋਣ ਇੱਕੋ,
ਇੱਕ ਸਾਂ ਕਰ ਤਕਰਾਰ ਬੈਠੇ।
ਵੀਰ ਸਮਝ ਬਗਾਨੇ ਆਪਣਿਆਂ ਨੂੰ,
ਹੱਥੀਂ ਆਪਣੇ, ਆਪ ਮਾਰ ਬੈਠੇ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਬੁਆਣੀ।
ਜਰਗੜ ਕੋਲੇ, ਜਰਗ ਸੁਣੀਂਦਾ,
ਕਟਾਣੇ ਕੋਲ ਕਟਾਣੀ।
ਸਾਹਨੀ, ਸਾਹਨੇ ਕੋਲ ਸੁਣੀਂਦੀ,
ਘਲੋਟੀ ਕੋਲ ਘੁਡਾਣੀ।
ਰਾੜਾ ਸਾਹਿਬ ਦੀ…….
ਸੁਣ ਲੈ ਮਿੱਠੀ ਬਾਣੀ।
ਤੇਰੇ ਲਾਲ ਸੂਹੇ ਬੁੱਲ੍ਹ
ਸਾਨੂੰ ਲੈਣੇ ਪੈ ਗਏ ਮੁੱਲ
ਜਿੱਥੇ ਟੱਕਰੇਂਗੀ ਕੱਲੀ
ਤੈਨੂੰ ਚੱਕੂੰ ਮੱਲੋਮੱਲੀ
ਕੱਟ ਮੋੜ ਬੱਲੀਏ
ਸਾਨੂੰ ਲੱਗਦੀ ਪਿਆਰੀ
ਤੇਰੀ ਤੋਰ ਬੱਲੀਏ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਸੁਣੀਂਦਾ ਪਿੰਡ ਲਸੋਈ।
ਪੇਕੀਂ ਸੀਗ੍ਹੀ ਨੰਬਰਦਾਰੀ,
ਸਹੁਰੀਂ ਪੁੱਛ ਨਾ ਕੋਈ।
ਬੁਰੇ ਕੰਮ ਦਾ ਬੁਰਾ ਨਤੀਜਾ,
ਕਿਤੇ ਨਾ ਮਿਲਦੀ ਢੋਈ।
ਜਰਗ ਜਲਾਜਣ ਦੇ.
ਰਾਹ ਵਿਚ ਬਹਿ ਕੇ ਰੋਈ।
ਆ ਵੇ ਨਾਜਰਾ
ਬਹਿ ਵੇ ਨਾਜਰਾ
ਪੀ ਠੰਡਾ ਜਲ ਪਾਣੀ
ਉੱਠ ਤੇਰੇ ਨੂੰ ਭੋਂ ਦੀ ਟੋਕਰੀ
ਤੈਨੂੰ ਦੋ ਪਰਸ਼ਾਦੇ
ਨਿੰਮ ਥੱਲੇ ਕੱਤਦੀ ਦੀ
ਗੂੰਜ ਪਈ ਦਰਵਾਜ਼ੇ।
ਜਦ ਕੁੜੀਏ ਤੇਰੀ ਪੈਂਦੀ ਰੋਪਨਾ
ਮੈਂ ਵੀ ਦੇਖਣ ਆਇਆ
ਸਿਰ ਤੇ ਤੇਰੇ ਹਰਾ ਮੂੰਗੀਆ
ਟੇਢਾ ਚੀਰ ਸਜਾਇਆ
ਮੈਥੋਂ ਨੀ ਪਹਿਲਾਂ
ਕਿਹੜਾ ਯਾਰ ਹੰਢਾਇਆ
ਜਾਂ
ਤੈਥੋਂ ਵੇ ਪਹਿਲਾਂ
ਜੀਜਾ ਯਾਰ ਹੰਢਾਇਆ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਮੋਲ।
ਦੁੱਧ, ਦੁੱਧ ਦਾ, ਪਾਣੀ ਦਾ ਪਾਣੀ,
ਐਵੇਂ ਨਾ, ਕਾਂਜੀ ਘੋਲ।
ਜੱਗ ਮੰਚ, ਬੰਦਾ ਅਭਿਨੈ ਕਰਦਾ,
ਨਿਭਾਉਂਦਾ ਆਪਣਾ ਸਹੀ ਰੋਲ।
ਉੱਤੇ ਮਿੱਟੀ ਦੇ……,
ਨਾ ਕਸਤੂਰੀ ਡੋਲ੍ਹ।