ਸਾਉਣ ਮਹੀਨੇ ਕਿਣ ਮਿਣ ਕਾਣੀ,
ਗੋਡੇ-ਗੋਡੇ ਗਾਰਾ।
ਤੀਆਂ ਨੂੰ ਵੀਰਾ ਲੈਣ ਆ ਗਿਆ,
ਚੱਲ ਕੇ ਵਾਟ ਵਿਚਾਰਾਂ।
ਪਰ ਸੱਸ ਕੁਪੱਤੀ ਨਾਂਹ ਕਰ ਦਿੰਦੀ,
ਕੋਈ ਨਾ ਚਲਦਾ ਚਾਰਾ।
ਸੱਸੇ ਬੇਕਦਰੇ ………
ਢੱਠ ਜਾਏ ਤੇਰਾ ਢਾਰਾ।
Giddha Boliyan
ਸਉਣ ਆਏ ਜੇ ਮੀਂਹ ਨਾ ਪੈਂਦਾ,
ਗਰਮੀ ਵਧ ਜਾਏ ਬਾਹਲ੍ਹੀ।
ਗਿੱਠ-ਗਿੱਠ ਜੀਭਾਂ ਕਢਦੇ ਬੌਲਦ,
ਛੱਡਣ ਹਲ ਪੰਜਾਲੀ।
ਭਾਦੋਂ ਨੂੰ ਜੱਟ ਸਾਧੂ ਹੋ ਜਾਂਦੇ,
ਟਿੱਚਰ ਕਰਦੇ ਪਾਲੀ।
ਵੱਟਾਂ ਬੰਨਿਆਂ ਤੇ……….,
ਜੱਟੀ ਤੁਰਦੀ ਮਜਾਜਾਂ ਵਾਲੀ।
ਦਿਨ ਤੀਆਂ ਦੇ ਹੋ ਗੇ ਪੂਰੇ,
ਪੂਰਾ ਸਉਣ ਲੰਘਾ ਕੇ।
ਵਿੱਚ ਸਉਣ ਦੇ ਹੋ ਕੇ ‘ਕੱਠੀਆਂ,
ਭਾਦੋਂ ਵਿਛੜੀਆਂ ਆ ਕੇ।
ਰੱਬ ਰੱਖੀਆਂ ਤਾਂ ਅਗਲੇ ਵਰ੍ਹੇ ਵੀ,
ਏਥੇ ਮਿਲਣਾ ਆ ਕੇ।
ਤੀਆਂ ਨੂੰ ਵਿਦਿਆ ਕਰੋ…..,
ਰੱਬ ਦਾ ਸ਼ੁਕਰ ਮਨਾ ਕੇ।
ਢਾਈਏ ! ਢਾਈਏ!! ਢਾਈਏ!
ਪਿੰਡੋਂ ਬਾਹਰ ਪਿੱਪਲ ਬਰੋਟੇ,
ਰਲ ਮਿਲ ਪੀਂਘਾਂ ਪਾਈਏ।
ਗਿੱਧਿਆਂ ਦੇ ਪਿੜ ਵੱਲ ਨੂੰ,
ਬਣ ਕੇ ਮੇਲਣਾ ਜਾਈਏ।
ਤੀਆਂ ਸਉਣ ਦੀਆਂ…….
ਭਾਗ ਪਿੱਪਲਾਂ ਨੂੰ ਲਾਈਏ।
ਨਿੱਕੇ ਹੁੰਦੇ ਦੇ ਮਰ ਗਏ ਮਾਪੇ
ਪਲਿਆ ਨਾਨਕੀਂ ਰਹਿ ਕੇ
ਸੱਤ ਸਾਲਾਂ ਦਾ ਲਾ ਤਾ ਪੜ੍ਹਨੇ
ਪੜ੍ਹ ਗਿਆ ਨੰਬਰ ਲੈ ਕੇ
ਬਈ ਵਾਂਗ ਹਨੇਰੀ ਆਈ ਜਵਾਨੀ
ਲੋਕੀ ਤੱਕਦੇ ਬਹਿ ਕੇ
ਪੱਟਤੀ ਹੂਰ ਪਰੀ ।
ਤੋਂ ਵੀ ਨਾਨਕੀਂ ਰਹਿ ਕੇ
ਸੁਣ ਵੇ ਘੜਿਆ ਮੇਰੇ ਗੋਤ ਦਿਆ
ਤੂੰ ਹੋ ਗਿਆ ਢੇਰੀ
ਵਿੱਚ ਦਰਿਆਵਾਂ ਦੇ
ਸੋਹਣੀ ਮੌਤ ਨੇ ਘੇਰੀ।
ਕੱਠੀਆਂ ਹੋ ਕੇ ਚੱਲੀਆਂ ਕੁੜੀਆਂ
ਨਾਹੁਣ ਨਦੀ ਤੇ ਆਈਆਂ
ਅਗਲੇ ਲੀੜੇ ਲਾਹ ਲਾਹ ਸੁੱਟਣ
ਥਾਨ ਰੇਸ਼ਮੀ ਲਿਆਈਆਂ
ਨੀ ਘਰ ਬੋਗੇ ਦੇ
ਗੱਭਰੂ ਦੇਣ ਦੁਹਾਈਆਂ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਜੱਟਣਾ।
ਕੱਲਰ ਖੇਤੀ ਬੀਜ ਕੇ,
ਹੁੰਦਾ ਸੀ ਕੀ ਖੱਟਣਾ।
ਹੁਣ ਕੱਲਰ ਖੇਤੀ ਬੀਜ ਕੇ,
ਖੱਟਣਾ ਈ ਖੱਟਣਾ।
ਨਵੇਂ ਨਵੇਲਿਆਂ ਨੇ……..,
ਪੁਰਾਣਾ ਜੜ੍ਹੋਂ ਪੱਟਣਾ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਸਾਵਾਂ।
ਦਿਲ ਤਾਂ ਦੇਖ ਫੋਲ ਕੇ,
ਲੱਗੀਆਂ ਦੇ ਹਾਲ ਸੁਣਾਵਾਂ।
ਰੇਤਾ ਤੇਰੀ ਪੈੜ ਦਾ,
ਚੱਕ ਚੱਕ ਹਿੱਕ ਨੂੰ ਲਾਵਾਂ।
ਸੱਦ ਪਟਵਾਰੀ ਨੂੰ ……….,
ਜ਼ਿੰਦਗੀ ਤੇਰੇ ਨਾਂ ਲਾਵਾਂ।
ਆਰੀ-ਆਰੀ-ਆਰੀ
ਮਿਰਚਾਂ ਚੁਰਚੁਰੀਆਂ
ਬਾਣੀਆਂ ਦੀ ਦਾਲ ਕਰਾਰੀ
ਜੱਟ ਦੇ ਮੂੰਹ ਲੱਗਗੀ
ਫੇਰ ਕੜਛੀ ਬੁੱਲ੍ਹਾਂ ਤੇ ਮਾਰੀ
ਮੂਹਰੇ ਜੱਟ ਭੱਜਿਆ
ਫੇਰ ਮਗਰ ਭੱਜੀ ਕਰਿਆੜੀ
ਜੱਟ ਦਾ ਹਰਖ ਬੁਰਾ
ਉਹਨੇ ਚੱਕ ਕੇ ਪਰ੍ਹੇ ਵਿੱਚ ਮਾਰੀ
ਲੱਤਾਂ ਉਹਦੀਆਂ ਐਂ ਖੜ੍ਹੀਆਂ
ਜਿਵੇਂ ਹਲ ਵਿੱਚ ਖੜ੍ਹੀ ਪੰਜਾਲੀ
ਜੱਟ ਕਹਿੰਦਾ ਕੋਈ ਗੱਲ ਨੀ
ਇੱਕ ਲੱਗਜੂ ਕਣਕ ਦੀ ਕਿਆਰੀ
ਐਡੋ ਜਾਣੇ ਨੇ
ਡਾਂਗ ਪੱਟਾਂ ਤੇ ਮਾਰੀ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਰਾਵਾਂ।
ਹਾਣੀ ਹਾਣ ਦਿਆ,
ਕੀ ਕਹਿ ਆਖ ਬੁਲਾਵਾਂ।
ਮਿੱਤਰਾ ਬੇਦਰਦਾ,
ਬਣ ਜਾਂ ਤੇਰਾ ਪਰਛਾਵਾਂ।
ਕਾਲੇ ਕਾਵਾਂ ਨੂੰ,
ਚੂਰੀਆਂ ਕੁੱਟ ਕੁੱਟ ਪਾਵਾਂ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਘਾਰੇ।
ਛਿੜਨ ਤਰੰਗਾਂ ਰੌਆਂ ਅੰਦਰ,
ਚੜ੍ਹ ਜਾਂਦੇ ਨੇ ਪਾਰੇ।
ਸੋਹਣੀ ਰੱਬ ਦੀ ਦੇਖ ਦੇਖ,
ਅਸ਼ ਅਸ਼ ਕਰਦੇ ਸਾਰੇ।
ਐਡਾ ਕੌਣ ਦਰਦੀ…….,
ਸੁੱਤੀ ਨੂੰ ਪੱਖੇ ਦੀ ਝੱਲ ਮਾਰੇ।